ਕਪੂਰਥਲਾ, 3 ਦਸੰਬਰ (ਵਿ.ਪ੍ਰ.)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ 4, 5 ਤੇ 6 ਦਸੰਬਰ ਨੂੰ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਕਪੂਰਥਲਾ ਵਿਚ ਪੈਨਸ਼ਨ ਸੇਵਾ ਮੇਲਾ ਲਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਕਰਨ ਲਈ ਇਹ ਤਿੰਨ ਰੋਜ਼ਾ ਮੇਲਾ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਭੁਲੱਥ ਵਿਚ ਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੇਵਾ ਦਾ ਪੂਰਾ ਲਾਭ ਲੈਣ ਲਈ ਹਰੇਕ ਪੈਨਸ਼ਨਰ ਦਾ ਈ ਕੇ.ਵਾਈ.ਸੀ. ਹੋਣਾ ਜ਼ਰੂਰੀ ਹੈ | ਇਸ ਲਈ ਪੰਜਾਬ ਸਰਕਾਰ ਵਲੋਂ ਖ਼ਜ਼ਾਨਾ ਦਫ਼ਤਰਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਉਨ੍ਹਾਂ ਦਾ ਈ.ਕੇ.ਵਾਈ.ਸੀ. ਕੀਤੀ ਜਾ ਰਹੀ ਹੈ | ਉਨ੍ਹਾਂ ਸਾਰੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 4, 5 ਤੇ 6 ਦਸੰਬਰ ਨੂੰ ਆਪਣਾ ਅਸਲ ਪੀ.ਪੀ.ਓ., ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਤੇ ਮੋਬਾਈਲ ਨੰਬਰ ਜੋ ਆਧਾਰ ਕਾਰਡ ਨਾਲ ਿਲੰਕ ਹੋਵੇ ਲੈ ਕੇ ਆਉਣ ਤਾਂ ਜੋ ਮੌਕੇ 'ਤੇ ਹੀ ਆਨਲਾਈਨ ਪੈਨਸ਼ਨ ਸੇਵਾ ਪੋਰਟਲ 'ਤੇ ਉਨ੍ਹਾਂ ਦੇ ਵੇਰਵੇ ਅਪਡੇਟ ਕੀਤੇ ਜਾ ਸਕਣ |