ਫਗਵਾੜਾ, 21 ਅਕਤੂਬਰ (ਹਰਜੋਤ ਸਿੰਘ ਚਾਨਾ)-ਬਲਾਕ ਦੇ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ੍ਹਣ ਨੂੰ ਉਤਸ਼ਾਹਿਤ ਕਰਨ ਹਿੱਤ ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ 500 ਪੁਸਤਕਾਂ ਪਿੰਡ ਬਰਨ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ | ਪਿੰਡ ਬਰਨ 'ਚ ਪਿੰਡ ਪੰਚਾਇਤ ਤੇ ਐੱਨ.ਆਰ.ਆਈ. ਵਲੋਂ ਲਾਇਬ੍ਰੇਰੀ ਦੀ ਸੁੰਦਰ ਇਮਾਰਤ ਦੀ ਉਸਾਰੀ ਕੀਤੀ ਗਈ ਹੈ, ਜਿਸ ਵਾਸਤੇ ਪੰਜਾਬੀ ਦੇ ਉੱਘੇ ਲੇਖਕਾਂ ਦੀਆਂ ਪੁਸਤਕਾਂ ਸਮਾਜ ਸੇਵੀ ਨੌਜਵਾਨ ਪਵਿੱਤਰ ਸਿੰਘ ਬਰਨ ਦੀ ਪਹਿਲ ਕਦਮੀ 'ਤੇ ਬਰਨ ਪਿੰਡ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਪੁਸਤਕਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ | ਪੰਜਾਬੀ ਵਿਰਸਾ ਟਰੱਸਟ (ਰਜਿ.) ਦੇ ਪ੍ਰਧਾਨ (ਪ੍ਰੋ:) ਜਸਵੰਤ ਸਿੰਘ ਗੰਡਮ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ੍ਹਣਾ ਸਮੇਂ ਦੀ ਲੋੜ ਹੈ ਤੇ ਪੰਜਾਬੀ ਵਿਰਸਾ ਟਰੱਸਟ (ਰਜਿ.) ਬਲਾਕ ਫਗਵਾੜਾ 'ਚ ਉਨ੍ਹਾਂ ਪੰਚਾਇਤਾਂ ਜਾਂ ਸਵੈ ਸੇਵੀ ਸੰਸਥਾਵਾਂ ਨੂੰ ਲੋੜੀਂਦੀਆਂ ਮੁਫ਼ਤ ਕਿਤਾਬਾਂ ਦੇਵੇਗਾ, ਜਿਹੜੀਆਂ ਲਾਇਬ੍ਰੇਰੀਆਂ ਖੋਲ੍ਹਣ ਦੀ ਪਹਿਲਕਦਮੀ ਕਰਨਗੀਆਂ |