ਮਾਨਸਾ, 9 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਸਿਰਸਾ ਰੋਡ 'ਤੇ ਅਰਵਿੰਦ ਨਗਰ ਕੋਲ ਦੇਰ ਰਾਤ ਰੰਜਸ਼ ਦੇ ਚੱਲਦਿਆਂ ਨੌਜਵਾਨਾਂ ਵਿਚਕਾਰ ਗੋਲੀਆਂ ਚੱਲੀਆਂ ਹਨ | ਇਸ ਫਾਇਰਿੰਗ 'ਚ 2 ਨੌਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਹੈ | ਜ਼ਖ਼ਮੀ ਹੋਏ ਨੌਜਵਾਨ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਵਿਖੇ ਰਹਿੰਦਾ ਸੀ ਉਦੋਂ ਉਨ੍ਹਾਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ | ਉਸ ਨੇ ਦੱਸਿਆ ਕਿ ਇਨ੍ਹਾਂ ਦੋਸਤਾਂ ਦਾ ਉਸ ਨੂੰ ਫ਼ੋਨ ਆਇਆ ਕਿ ਉਹ ਮਿਲਣਾ ਚਾਹੁੰਦੇ ਹਨ | ਜਦੋਂ ਉਹ ਆਪਣੇ ਦੋਸਤ ਸੰਦੀਪ ਸਿੰਘ ਨਾਲ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਉੱਥੇ ਪਹਿਲਾਂ ਹੀ ਮੌਜੂਦ ਉਨ੍ਹਾਂ ਦੇ ਪੁਰਾਣੇ ਦੋਸਤਾਂ ਨਾਲ ਹੋਰ ਸਾਥੀ ਵੀ ਮੌਜੂਦ ਸਨ | ਉਸ ਨੇ ਦੱਸਿਆ ਕਿ ਉੱਥੇ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ | ਮਾਨਸਾ ਪੁਲਿਸ ਨੇ ਜ਼ਖ਼ਮੀ ਨੌਜਵਾਨਾਂ ਦੇ ਬਿਆਨਾਂ 'ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |