ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਲੋਟ ਰੋਡ ਸਥਿਤ ਸ਼ਿਵਾਲਿਕ ਗਰੁੱਪ ਆਫ਼ ਸਕੂਲ ਨਾਲ ਸੰਬੰਧਿਤ ਆਈਕੋਨਿਕ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਰਾਜ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਸਨ, ਜਦਕਿ ਪ੍ਰਧਾਨਗੀ ਹਿਮਾਂਸ਼ੂ ਅਰੋੜਾ ਚੀਫ਼ ਜਸਟਿਸ ਮੈਜਿਸਟ੍ਰੇਟ ਕਮ ਸਕੱਤਰ/ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਪਹੁੰਚੇ | ਮਹਿਮਾਨਾਂ ਵਲੋਂ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਵਨੀਤ ਕੁਮਾਰ ਨੇ ਦੱਸਿਆ ਕਿ ਇਹ ਸਕੂਲ 2019 ਵਿਚ ਹੋਂਦ 'ਚ ਆਇਆ ਸੀ | ਇੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਤੇ ਸਪੋਰਟਸ ਗਤੀਵਿਧੀਆਂ ਵਿਚ ਵੀ ਹਿੱਸਾ ਦਿਵਾਇਆ ਜਾਂਦਾ ਹੈ | ਤਿੰਨਾਂ ਮਹਿਮਾਨਾਂ ਨੇ ਬੱਚਿਆਂ ਨੂੰ ਆਤਮ ਵਿਸ਼ਵਾਸ, ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਬੱਚਿਆਂ ਨੂੰ ਜ਼ਿੰਦਗੀ 'ਚ ਨਸ਼ਾ ਨਾ ਕਰਨ ਸੰਬੰਧੀ ਸਹੁੰ ਵੀ ਚੁਕਵਾਈ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ, ਪ੍ਰਧਾਨ ਰਾਕੇਸ਼ ਪਰੂਥੀ, ਪਿ੍ੰਸੀਪਲ ਕੁਸਮ ਪਰੂਥੀ, ਡਾਇਰੈਕਟਰ ਸਾਗਰ ਪਰੂਥੀ ਅਤੇ ਰਾਧਿਕਾ ਪਰੂਥੀ ਤੋਂ ਇਲਾਵਾ ਬੱਚੇ ਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿਚ ਸ਼ਾਮਿਲ ਸਨ | ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੈਲਕਮ ਡਾਂਸ, ਸ਼ਿਵ ਤਾਂਡਵ, ਹਿਪ-ਹਾਪ, ਮਿਊਜ਼ਿਕਲ ਡਰਾਮਾ, ਭੰਗੜਾ ਅਤੇ ਹੋਰ ਕਈ ਉਚ ਕੋਟੀ ਦੀਆਂ ਅਹਿਮ ਭੂਮਿਕਾਵਾਂ ਪੇਸ਼ ਕੀਤੀਆਂ ਗਈਆਂ | ਪੜ੍ਹਾਈ ਤੇ ਖੇਡਾਂ ਵਿਚ ਵਧੀਆ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ | ਮਹਿਮਾਨਾਂ ਤੇ ਮਾਪਿਆਂ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਸੱਭਿਆਚਾਰਕ ਗਤੀਵਿਧੀਆਂ ਦੀ ਪੂਰਨ ਤੌਰ 'ਤੇ ਸ਼ਲਾਘਾ ਕੀਤੀ | ਅੰਤ ਵਿਚ ਰਾਸ਼ਟਰੀ ਗਾਇਨ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ |