20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੇ ਬਾਜ਼ਾਰਾਂ 'ਚ ਚੱਲਣਾ ਹੋਇਆ ਮੁਸ਼ਕਿਲ

ਅਜੀਤ ਡੈਸਕ 10-12-2025
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਕ ਤੋਂ ਲੈ ਕੇ ਥਾਣਾ ਸਿਟੀ ਅਤੇ ਰੇਲਵੇ ਰੋਡ 'ਤੇ ਟ੍ਰੈਫ਼ਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਗਈ ਹੈ | ਇਸ ਦਾ ਮੁੱਖ ਕਾਰਨ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ੇ ਹਨ | ਨਾ ਤਾਂ ਦੁਕਾਨਦਾਰ ਇਸ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਤਿਆਰ ਹਨ ਤੇ ਨਾ ਹੀ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਕੀਤੀ ਜਾ ਰਹੀ ਹੈ | ਕਦੇ-ਕਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਜਾਂਦੀ ਹੈ, ਪਰ ਟੀਮ ਦੇ ਜਾਂਦੇ ਹੀ ਦੁਕਾਨਦਾਰ ਫ਼ਿਰ ਤੋਂ ਆਪਣਾ ਸਾਮਾਨ ਸੜਕ ਕਿਨਾਰੇ ਰੱਖ ਦਿੰਦੇ ਹਨ | ਥਾਣਾ ਸਿਟੀ ਦੀ ਕੰਧ ਦੇ ਨਾਲ ਕਈ ਲੋਕਾਂ ਨੇ ਬੈਂਚ ਲਗਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਇਸ ਤੋਂ ਇਲਾਵਾ ਰੇਲਵੇ ਰੋਡ, ਕੋਟਕਪੂਰਾ ਚੌਂਕ, ਸ਼ੇਰ ਸਿੰਘ ਚੌਂਕ, ਮਲੋਟ ਰੋਡ ਤੇ ਬੱਸ ਸਟੈਂਡ ਦੇ ਬਾਹਰ ਸਬਜ਼ੀ ਦੀਆਂ ਰੇਹੜੀਆਂ ਨੇ ਫੁੱਟਪਾਥ 'ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਹੈ | ਇਸ ਦੌਰਾਨ ਰਾਮ ਰਾਜ, ਬਲਦੇਵ ਸਿੰਘ, ਹਰਨੇਕ ਸਿੰਘ ਤੇ ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦਾ ਹਾਲ ਬਹੁਤ ਬੁਰਾ ਹੈ | ਪੈਦਲ ਚੱਲਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ | ਘਾਹ ਮੰਡੀ ਚੌਂਕ 'ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਦੋ-ਦੋ ਫੁੱਟ ਤੱਕ ਸਾਮਾਨ ਰੱਖਿਆ ਹੁੰਦਾ ਹੈ ਤੇ ਰੇਹੜੀ ਵਾਲਿਆਂ ਨੇ ਆਪਣੀਆਂ ਰੇਹੜੀਆਂ ਲਗਾ ਕੇ ਰਾਹ ਪੂਰੀ ਤਰ੍ਹਾਂ ਰੋਕ ਰੱਖਿਆ ਹੈ | ਰੈੱਡ ਕਰਾਸ ਭਵਨ ਦੇ ਕੋਲ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਇਥੇ ਕਰੀਬ ਇਕ ਦਰਜਨ ਦੁਕਾਨਾਂ ਕਿਰਾਏ' ਤੇ ਹਨ, ਜਿਨ੍ਹਾਂ ਅੱਗੇ ਬਰਾਂਡੇ ਵੀ ਬਣੇ ਹੋਏ ਹਨ | ਦੁਕਾਨਦਾਰਾਂ ਨੇ ਬਰਾਂਡਿਆਂ 'ਤੇ ਕਬਜ਼ਾ ਕਰ ਲਿਆ ਹੈ ਤੇ ਸੜਕ 'ਤੇ ਵੀ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇਸ ਤੋਂ ਇਲਾਵਾ ਸਾਮਾਨ ਖ਼ਰੀਦਣ ਵਾਲੇ ਲੋਕ ਵੀ ਆਪਣੇ ਵਾਹਨਾਂ ਨੂੰ ਸੜਕ 'ਤੇ ਖੜ੍ਹਾ ਕਰ ਦਿੰਦੇ ਹਨ, ਜਿਸ ਨਾਲ ਟ੍ਰੈਫ਼ਿਕ ਸਥਿਤੀ ਹੋਰ ਵਿਗੜ ਜਾਂਦੀ ਹੈ | ਕੋਟਕਪੂਰਾ ਚੌਂਕ ਤੋਂ ਲੈ ਕੇ ਥਾਣਾ ਸਿਟੀ ਤੱਕ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਕਈ ਵਾਰ ਤਾਂ ਲੋਕਾਂ ਨੂੰ ਇਥੇ ਪੈਦਲ ਨਿਕਲਣ ਵਿਚ ਵੀ ਪ੍ਰੇਸ਼ਾਨੀ ਹੁਦੀ ਹੈ | ਇਸ ਦੇ ਬਾਵਜੂਦ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ | ਸ਼ਹਿਰ ਵਾਸੀਆਂ ਦਾ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਨਾਜਾਇਜ਼ ਕਬਜ਼ਿਆਂ ਕਾਰਨ ਰੋਜ਼ਾਨਾ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਬਿਜਲੀ ਗਰਿੱਡ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।