ਕੋਟਕਪੂਰਾ, 31 ਅਗਸਤ (ਮੇਘਰਾਜ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸ਼ਹਿਰ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪੱਕੀਆਂ ਫ਼ਸਲਾਂ 'ਚ ਪਾਣੀ ਖੜ੍ਹਨ ਕਾਰਨ ਕਿਸਾਨ ਚਿੰਤਤ ਹਨ | ਬਾਸਮਤੀ ਝੋਨੇ ਦੀ ਕਿਸਮ 1509 ਬਿਲਕੁਲ ਪੱਕ ਕੇ ਤਿਆਰ ਖੜ੍ਹੀ ਹੈ ਅਤੇ ਫ਼ਸਲ ਨੂੰ ਕੱਟਣ ਦਾ ਬਿਲਕੁਲ ਸਹੀ ਸਮਾਂ ਹੈ ਪ੍ਰੰਤੂ ਖੇਤਾਂ 'ਚ ਪਾਣੀ ਖੜ੍ਹਨ ਕਾਰਨ ਕਟਾਈ ਨਹੀਂ ਕੀਤੀ ਜਾ ਸਕਦੀ ਹੈ | ਕਿਸਾਨਾਂ ਵਲੋਂ ਬਾਸਮਤੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਗੋਭੀ ਦੀ ਫਸਲ ਦੀ ਕਾਸ਼ਤ ਕੀਤੀ ਜਾਣੀ ਹੈ ਅਤੇ ਗੋਭੀ ਦੀਆਂ ਪਨੀਰੀਆਂ ਕਿਸਾਨਾਂ ਵਲੋਂ ਗਰਮੀ ਦੇ ਸਮੇਂ 'ਚ ਭਾਰੀ ਦਿੱਕਤਾਂ ਦੇ ਬਾਵਜੂਦ ਤਿਆਰ ਕੀਤੀਆਂ ਗਈਆਂ ਸਨ ਜੋ ਕਿ ਹੁਣ ਪਾਣੀ ਦੀ ਮਾਰ ਕਾਰਨ ਮਰਨ ਕਿਨਾਰੇ 'ਤੇ ਹਨ | ਕਿਸਾਨਾਂ ਵਲੋਂ ਇਸ ਆਸ ਨਾਲ ਗੋਭੀ ਦਾ ਦੇਸੀ ਬੀਜ ਤੇ ਮਹਿੰਗੇ ਭਾਅ ਦਾ ਹਾਈਬੈ੍ਰਡ ਬੀਜ ਬੀਜਿਆ ਗਿਆ ਸੀ ਕਿ ਗੋਭੀ ਦੀ ਫਸਲ ਚੰਗੇ ਭਾਅ 'ਤੇ ਵੇਚੀ ਜਾ ਸਕੇ ਅਤੇ ਆਰਥਿਕ ਪੱਧਰ ਮਜ਼ਬੂਤ ਹੋ ਸਕੇ | ਪ੍ਰੰਤੂ ਭਾਰੀ ਬਾਰਿਸ਼ ਕਾਰਨ ਕਿਸਾਨਾਂ ਨੂੰ ਆਸਾਂ ਨੂੰ ਬੂਰ ਨਹੀਂ ਪਿਆ | ਇਸ ਤੋਂ ਇਲਾਵਾ ਬਾਰਿਸ਼ਾਂ ਕਾਰਨ ਸਬਜ਼ੀਆਂ ਭਾਅ ਵੀ ਅਸਮਾਨ ਛੂਹ ਰਹੇ ਹਨ | ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਲਈ ਹਰਾ ਚਾਰਾ ਵੱਢਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਕਈ ਕਿਸਾਨਾਂ ਨੇ ਦੱਸਿਆ ਕਿ ਝੋਨਾ ਕੱਟਣ 'ਚ ਹੋ ਦੇਰੀ ਨਾਲ ਫ਼ਸਲ ਦੇ ਦਾਣੇ ਧਰਤੀ 'ਤੇ ਕਿਰ ਜਾਣ ਕਾਰਨ ਝਾੜ ਘਟਣ ਦਾ ਖਦਸ਼ਾ ਹੈ |