• 19,500 ਨਸ਼ੀਲੀ ਗੋਲੀਆਂ ਤੇ ਸਵਿਫਟ ਕਾਰ ਬਰਾਮਦ
ਡੱਬਵਾਲੀ, 3 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸੀਆਈਏ ਡੱਬਵਾਲੀ ਨੇ ਮੈਡੀਕਲ ਸਟੋਰ ਬੰਦ ਕਰਕੇ ਇੱਧਰ-ਉੱਧਰ ਘੁੰਮ-ਫ਼ਿਰ ਕੇ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਦੋ ਵਿਅਕਤੀਆਂ ਨੂੰ 19,500 ਨਸ਼ੀਲੀਆਂ ਗੋਲੀਆਂ ਅਤੇ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ, ਜੋ ਮੈਡੀਕਲ ਨਸ਼ੇ ਦੀ ਤਸਕਰੀ ਲਈ ਫਰਜ਼ੀ ਬਿੱਲ ਬਣਾਉਂਦੇ ਅਤੇ ਕਾਰਟੂਨਾਂ 'ਤੇ ਸਪੇਅਰ ਪਾਰਟਸ ਲਿਖਵਾ ਕੇ ਸਾਮਾਨ ਔਢਾਂ ਭੇਜਦੇ ਸਨ | ਮੁਲਜਮਾਂ ਦੀ ਪਛਾਣ ਵਿਕਾਸ ਉਰਫ਼ ਵਿੱਕੀ ਵਾਸੀ ਡੱਬਵਾਲੀ ਅਤੇ ਅਮਨਦੀਪ ਉਰਫ਼ ਗੁਰਪ੍ਰੀਤ ਸਿੰਘ ਵਾਸੀ ਔਢਾਂ ਵਜੋਂ ਹੋਈ ਹੈ | ਸੀਆਈਏ ਦੇ ਮੁਖੀ ਰਾਜਪਾਲ ਨੇ ਦੱਸਿਆ ਕਿ ਸੁਚਨਾ ਦੇ ਆਧਾਰ 'ਤੇ ਘੇਰਾਬੰਦੀ ਕਰ ਰੋਕੀ ਕਾਰ ਵਿੱਚੋਂ ਤਲਾਸ਼ੀ ਦੌਰਾਨ ਕਾਰਟੂਨਾਂ ਵਿੱਚੋਂ ਵੱਡੀ ਤਾਦਾਦ ਵਿੱਚ ਟਰੈਮਪੈਂਟਾਡੋਲ ਗੋਲੀਆਂ ਮਿਲੀਆਂ | ਜਾਂਚ ਵਿੱਚ ਖੁਲਾਸਾ ਹੋਇਆ ਕਿ ਵਨ ਲਾਈਫ ਮੈਡੀਕਲ ਅਤੇ ਰਾਮ ਮੈਡੀਕਲ ਹਾਲ ਔਢਾਂ ਨੂੰ ਪਹਿਲਾਂ ਵੀ ਨਸ਼ੀਲੀਆਂ ਗੋਲੀਆਂ ਮਿਲਣ ਕਰਕੇ ਸੀਲ ਕੀਤਾ ਜਾ ਚੁੱਕੇ ਸਨ, ਜਿਨ੍ਹਾਂ ਨੂੰ ਇਹ ਦੋਵੇਂ ਜਣੇ ਚਲਾਉਂਦੇ ਸਨ | ਬਾਅਦ 'ਚ ਉਨ੍ਹਾਂ ਨੇ ਸ਼੍ਰੀਰਾਮ ਮੈਡੀਕਲ ਹਾਲ ਨਾਮ ਨਾਲ ਨਵਾਂ ਮੈਡੀਕਲ ਖੋਲਿ੍ਹਆ, ਪਰ ਪ੍ਰਸ਼ਾਸਨ ਦੀ ਸਖਤੀ ਵਧਣ 'ਤੇ ਲਗਭਗ 1015 ਦਿਨ ਪਹਿਲਾਂ ਦੁਕਾਨ ਬੰਦ ਕਰਕੇ ਇੱਧਰ-ਉੱਧਰ ਘੁੰਮ-ਫ਼ਿਰ ਕੇ ਗੋਲੀਆਂ ਵੇਚਣ ਲੱਗ ਪਏ | ਤਸਕਰੀ ਕਰਨ ਲਈ ਫਰਜ਼ੀ ਬਿੱਲ ਬਣਾਉਂਦੇ ਤੇ ਕਾਰਟੂਨਾਂ 'ਤੇ ਸਪੇਅਰ ਪਾਰਟਸ ਲਿਖਵਾ ਕੇ ਸਾਮਾਨ ਔਢਾਂ ਭੇਜਦੇ ਸਨ | ਪੁਲਿਸ ਨੇ ਦੋਵੇਂ ਮੁਲਜਮਾਂ ਨੂੰ 19,500 ਗੋਲੀਆਂ ਤੇ ਕਾਰ ਸਣੇ ਕਾਬੂ ਕਰਕੇ 172 ਬੀਐਨਐੱਸਐੱਸ ਅਧੀਨ ਸਿਟੀ ਥਾਣੇ 'ਚ ਡਿਟੇਨ ਕਰ ਅਗਲੀ ਕਾਰਵਾਈ ਵਿੱਢ ਦਿੱਤੀ ਹੈ |
ਮੈਡੀਕਲ ਸਟੋਰ ਬੰਦ ਕਰਕੇ ਘੁੰਮ-ਘੁੰਮ ਕੇ ਨਸ਼ਾ ਵੇਚਣ ਵਾਲੇ ਦੋ ਕਾਬੂ
ਅਜੀਤ ਡੈਸਕ
04-12-2025