ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਸੰਵਿਧਾਨ ਦਿਵਸ ਦੇ ਮੌਕੇ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਕੂਲ ਆਫ਼ ਇਕਨਾਮਿਕਸ ਅਤੇ ਸੈਂਟਰ ਫਾਰ ਸੋਸ਼ਲ ਡਿਵੈੱਲਪਮੈਂਟ ਦੇ ਸਾਂਝੇ ਪ੍ਰਬੰਧ ਹੇਠ ਡਾ. ਬੀ.ਆਰ. ਅੰਬੇਡਕਰ ਦੀ ਪੁਸਤਕ 'ਦਿ ਈਵੋਲੂਸ਼ਨ ਆਫ਼ ਪ੍ਰੋਵਿੰਸ਼ੀਅਲ ਫਾਈਨੈਂਸ ਇਨ ਬਿ੍ਟਿਸ਼ ਇੰਡੀਆ : ਏ ਸਟੱਡੀ ਇਨ ਦ ਪ੍ਰੋਵਿੰਸ਼ੀਅਲ ਡੀਸੈਂਟਰਲਾਈਜੇਸ਼ਨ ਆਫ਼ ਇੰਪੀਰੀਅਲ ਫਾਈਨੈਂਸ' 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਮੌਕੇ ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਮੁੱਖ ਮਹਿਮਾਨ ਸਨ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੀਤੀ | ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪੂਰੀ ਦੁਨੀਆ ਦੇ ਲੋਕ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੂੰ ਪ੍ਰਸਿੱਧ ਅਰਥਸ਼ਾਸਤਰੀ ਮੰਨਦੇ ਹਨ | ਬਿ੍ਟਿਸ਼ ਸ਼ਾਸਨ ਦੌਰਾਨ ਅੰਗੇਰਜ਼ਾਂ ਦੇ ਸਿਸਟਮ ਨੂੰ ਚੁਣੌਤੀ ਦੇਣਾ ਕੋਈ ਆਸਾਨ ਕੰਮ ਨਹੀਂ ਸੀ ਪਰ ਡਾ. ਅੰਬੇਡਕਰ ਨੇ ਇਹ ਕੀਤਾ | ਮੇਘਵਾਲ ਨੇ ਡਾ. ਅੰਬੇਡਕਰ ਦੀ ਕਿਤਾਬ 'ਦਿ ਈਵੋਲੂਸ਼ਨ ਆਫ਼ ਪ੍ਰੋਵਿੰਸ਼ੀਅਲ ਫਾਈਨੈਂਸ ਇਨ ਬਿ੍ਟਿਸ਼ ਇੰਡੀਆ : ਏ ਸਟੱਡੀ ਇਨ ਦਾ ਪ੍ਰੋਵਿੰਸ਼ੀਅਲ ਡੀਸੈਂਟਰਲਾਈਜੇਸ਼ਨ ਆਫ਼ ਇੰਪੀਰੀਅਲ ਫਾਈਨੈਂਸ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਤੋਂ 100 ਸਾਲ ਪਹਿਲੇ ਇਹ ਪੁਸਤਕ ਲਿਖੀ ਗਈ ਸੀ ਅਤੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧਾਂ ਅਤੇ ਸਰੋਤਾਂ ਦੀ ਵੰਡ ਨੂੰ ਲੈ ਕੇ ਅਤੇ ਵਿੱਤ ਕਮਿਸ਼ਨ ਦੇ ਗਠਨ ਨੂੰ ਲੈ ਕੇ ਬੈਠਕਾਂ ਹੋਈਆਂ | ਕਈ ਲੇਖਕਾਂ ਨੇ ਉਸਦੇ ਬਾਰੇ ਲਿਖਿਆ ਹੈ ਪਰ ਸਾਨੂੰ ਪਤਾ ਨਹੀਂ ਸੀ | ਕੁਝ ਲੋਕ ਤਾਂ ਬਾਬਾ ਸਾਹਿਬ ਦੇ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੂੰ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਦੇ ਮਸੀਹਾ ਅਤੇ ਰਾਖਵੇਂਕਰਨ ਦੇ ਸਮਰਥਕ ਤੱਕ ਹੀ ਸੀਮਤ ਕਰ ਦਿੰਦੇ ਹਨ | ਉਹ ਇਕ ਪੱਤਰਕਾਰ ਸਨ, ਆਰਥਿਕ ਮਾਮਲਿਆਂ ਦੇ ਮਾਹਰ ਵੀ ਸਨ, ਉਹ ਮਨੋਵਿਗਿਆਨੀ ਵੀ ਸਨ ਅਤੇ ਇਕ ਮਾਨਵ ਵਿਗਿਆਨ ਵੀ ਸਨ | ਮੇਘਵਾਲ ਨੇ ਕਿਹਾ ਕਿ ਅੰਬੇਡਕਰ ਨੇ ਆਪਣੀ ਇਹ ਪੁਸਤਕ ਮਹਾਰਾਜਾ ਬੜੌਦਾ ਗਾਇਕਵਾੜ ਨੂੰ ਸਮਰਪਿਤ ਕੀਤੀ ਸੀ, ਕਿਉਂਕਿ ਮਹਾਰਾਜਾ ਗਾਇਕਵਾੜ ਨੇ ਉਨ੍ਹਾਂ ਨੂੰ ਪੜ੍ਹਾਈ ਦੇ ਲਈ ਸਕਾਲਰਸ਼ਿਪ ਦਿੱਤੀ ਸੀ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਦਾ ਮੁੱਖ ਧਿਆਨ ਸ਼ਹਿਰੀਕਰਨ 'ਤੇ ਸੀ | ਉਹ ਪੇਂਡੂ ਖੇਤਰਾਂ ਵਿਚ ਵੀ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਦੀ ਵਕਾਲਤ ਕਰਦੇ ਸਨ | ਉਸ ਦੌਰ ਵਿਚ ਉਹ ਮੰਨਦੇ ਸਨ ਕਿ ਦੇਸ਼ ਦੇ ਆਰਥਿਕ ਵਿਕਾਸ ਲਈ ਭਾਰੀ ਉਦਯੋਗਾਂ ਦੀ ਸਥਾਪਨਾ ਜ਼ਰੂਰੀ ਹੈ | ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਭਾਰਤ ਸਰਕਾਰ ਦੇ ਆਦਰਸ਼ ਹਨ ਅਤੇ ਭਾਰਤੀ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਕ ਹਨ | ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਣੀ, ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਰਜਨੀ ਅੱਬੀ, ਰਜਿਸਟਰਾਰ ਡਾ. ਵਿਕਾਸ ਗੁਪਤਾ, ਕਈ ਡੀਨ, ਪਿ੍ੰਸੀਪਲ, ਫੈਕਲਟੀ ਅਤੇ ਵਿਦਿਆਰਥੀ ਮੌਜੂਦ ਸਨ | ਅੰਤ ਵਿਚ ਸੈਮੀਨਾਰ ਦੇ ਕੋਆਰਡੀਨੇਟਰ ਡਾ. ਰਾਜ ਕੁਮਾਰ ਫਲਵਾਰੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |