26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਬਸਤੀ ਸ਼ੇਖ ਦੇ ਖੇਤਰ 'ਚ ਸਥਿਤ ਗੁਰਦੁਆਰਾ ਹਰਕੀਰਤ ਸਾਧ ਸੰਗਤ ਤੋਂ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸਜਾਏ ਗਏ ਇਸ ਨਗਰ ਕੀਰਤਨ ਦੇ ਮਾਰਗ 'ਚ ਪਾਣੀ ਦੇ ਛਿੜਕਾਅ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਮਾਡਲ ਹਾਊਸ ਦੇ ਜਥੇ ਵਲੋਂ ਕੀਤੀ ਗਈ ਜਿਸ ਦੇ ਪਿੱਛੇ ਬੀਬੀਆਂ ਦੇ ਜਥੇ ਵਲੋਂ ਝਾੜੂ ਦੇ ਨਾਲ ਮਾਰਗ ਦੀ ਸਫ਼ਾਈ ਕੀਤੀ ਜਾ ਰਹੀ ਸੀ | ਨਗਰ ਕੀਰਤਨ ਦੀ ਅਗਵਾਈ ਰਵਾਇਤੀ ਬਾਣੇ 'ਚ 5 ਨਿਸ਼ਾਨਚੀ ਸਿੰਘਾਂ ਵਲੋਂ ਕੀਤੀ ਗਈ, ਜਿਨ੍ਹਾਂ ਦੇ ਪਿਛੇ ਪੰਜ ਪਿਆਰਿਆਂ ਦੇ ਰੂਪ 'ਚ ਸਜੇ ਸਿੰਘਾਂ ਵਲੋਂ ਪਾਲਕੀ ਸਾਹਿਬ ਦੀ ਅਗਵਾਈ ਕੀਤੀ ਜਾ ਰਹੀ ਸੀ | ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਲੋਂ ਤਿਆਰ ਕੀਤੀ ਗਈ ਵਿਸ਼ੇਸ਼ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਸੀ | ਨਗਰ ਕੀਰਤਨ 'ਚ ਸ਼ਾਮਲ ਨਿਹੰਗ ਸਿੰਘ ਦੇ ਬਾਣੇ 'ਚ ਸਜੇ ਨੌਜਵਾਨਾਂ ਵਲੋਂ ਜੈਕਾਰਿਆਂ ਦੇ ਨਾਲ ਸੰਗਤ 'ਚ ਜੋਸ਼ ਭਰਿਆ ਜਾ ਰਿਹਾ ਸੀ | ਵੱਖ-ਵੱਖ ਜਥੇਬੰਦੀਆਂ ਆਪਣੇ ਜਥੇ ਲੈ ਕੇ ਪਾਲਕੀ ਸਾਹਿਬ ਦੇ ਪਿੱਛੇ ਗੁਰਬਾਣੀ ਕੀਰਤਨ ਦਾ ਗਾਇਨ ਕਰਦੀਆਂ ਜਾ ਰਹੀਆਂ ਸਨ | ਨਗਰ ਕੀਰਤਨ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਲਾੜੇ ਲਈ ਸਜਾਈ ਘੋੜੀ ਚੱਲ ਰਹੀ ਸੀ, ਜਿਸ ਦੇ ਨਾਲ ਬੈਂਡ ਵਾਜੇ ਵਾਲੀਆਂ ਪਾਰਟੀਆਂ ਗੁਰਬਾਣੀ ਦੀਆਂ ਧੁੰਨਾਂ ਵਜਾ ਰਹੀਆਂ ਸਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਨਿਹੰਗ ਦੇ ਨਾਲ ਅਮਰਜੀਤ ਸਿੰਘ ਨਿਹੰਗ, ਰਜਿੰਦਰ ਸਿੰਘ ਮੁਲਤਾਨੀ, ਸਰਬਜੀਤ ਸਿੰਘ ਸਹਿਗਲ, ਕਰਨਬੀਰ ਸਿੰਘ, ਅਮਨ, ਅਨਿਲ ਧਵਨ, ਉਤਮਦੀਪ ਸਿੰਘ, ਅਵਤਾਰ ਸਿੰਘ ਨਿਹੰਗ, ਹਰਵਿੰਦਰ ਸਿੰਘ ਨਿਹੰਗ, ਸਤਪਾਲ ਸਿੰਘ ਅਲੱਗ ਤੇ ਹੋਰਾਂ ਵਲੋਂ ਨਗਰ ਕੀਰਤਨ ਨੂੰ ਸੁਚਾਰੂ ਚਲਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਗੁਰਦੁਆਰਾ ਹਰਕੀਰਤ ਸਾਧ ਸੰਗਤ, ਨਿਹੰਗ ਸਿੰਘ ਸਭਾ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਰਸਤੇ 'ਚ ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ, ਬੱਸਤੀ ਸ਼ੇਖ ਅੱਡਾ 'ਤੇ ਗੁਰਸਿੱਖ ਪਰਿਵਾਰਾਂ ਵਲੋਂ, ਗੁਰਦੁਆਰਾ ਚਰਨ ਕੰਵਲ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ, ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਪ੍ਰਬੰਧਕ ਕਮੇਟੀ ਵਲੋਂ ਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ ਇਲਾਕੇ ਦਾ ਚੱਕਰ ਲਗਾਉਣ ਤੋਂ ਬਾਅਦ ਨਗਰ ਕੀਰਤਨ ਗੁਰਦੁਆਰਾ ਹਰਕੀਰਤ ਸਾਧ ਸੰਗਤ ਵਿਖੇ ਸਮਾਪਤ ਹੋਇਆ, ਜਿੱਥੇ ਪ੍ਰਬੰਧਕਾਂ ਵਲੋਂ ਸੰਗਤ ਲਈ ਵਿਸ਼ੇਸ਼ ਤੌਰ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਾ ਦੌਰਾ ਸਿਰਫ ਇਕ ਰਸਮੀ ਕਾਰਵਾਈ ਹੈ-ਐਡਵੋਕੇਟ ਨੈਨ ਅਗਲੀ ਖ਼ਬਰ ਜੁਆਰੀਆਂ ਤੋਂ ਤੰਗ ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।