ਨਵੀਂ ਦਿੱਲੀ, 31 ਅਗਸਤ (ਜਗਤਾਰ ਸਿੰਘ)-ਦਿੱਲੀ ਯੂਨੀਵਰਸਿਟੀ ਨੇ ਕਿਹਾ ਹੈ ਕਿ ਕੋਈ ਵੀ ਵਿਦਿਆਰਥੀ ਜੋ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੂਸੂ) ਦੀਆਂ ਚੋਣਾਂ ਲੜਨਾ ਚਾਹੁੰਦਾ ਹੈ, ਉਸ ਨੂੰ 1 ਲੱਖ ਰੁਪਿਆ ਜਮਾਂ ਕਰਾਉਣ ਦੀ ਕੋਈ ਲੋੜ ਨਹੀਂ ਬਲਕਿ ਸਿਰਫ਼ ਇੱਕ ਸਧਾਰਨ ਹਲਫ਼ਨਾਮਾ ਦੇਣਾ ਪਵੇਗਾ ¢ ਦਿੱਲੀ ਯੂਨੀਵਰਸਿਟੀ ਦੇ ਇਸ ਦਾਅਵੇ ਤੋਂ ਬਾਅਦ ਦਿੱਲੀ ਹਾਈ ਕੋਰਟ ਦੀ ਜਸਟਿਸ ਮਿੰਨੀ ਪੁਸ਼ਕਰਣਾ ਦੀ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ¢ ਦੱਸਣਯੋਗ ਹੈ ਕਿ 27 ਅਗਸਤ ਨੂੰ ਹਾਈ ਕੋਰਟ ਨੇ ਡੂਸੂ ਚੋਣਾਂ ਲੜਨ ਲਈ ਇੱਕ ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਦਿੱਲੀ ਯੂਨੀਵਰਸਿਟੀ ਤੋਂ ਜਵਾਬ ਤਲਬ ਕੀਤਾ ਸੀ ¢ ਇਹ ਪਟੀਸ਼ਨ ਅੰਜਲੀ ਤੇ ਅਭਿਸ਼ੇਕ ਕੁਮਾਰ ਦੁਆਰਾ ਦਾਇਰ ਕੀਤੀ ਗਈ ਸੀ, ਜੋ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਦੇ ਹਨ ¢ ਦੋਵੇਂ ਪਟੀਸ਼ਨਰ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਆਉਣ ਵਾਲੀਆਂ ਚੋਣਾਂ ਲੜਨਾ ਚਾਹੁੰਦੇ ਹਨ ¢ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਲੜਨ ਲਈ ਇੱਕ ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਉਨ੍ਹਾਂ ਵਿਦਿਆਰਥੀਆਂ ਨੂੰ ਚੋਣਾਂ ਲੜਨ ਤੋਂ ਰੋਕ ਦੇਵੇਗੀ ਜੋ ਇਸ ਬਾਂਡ ਦੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੇ ¢ ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਨਾ ਮਨਮਾਨੀ ਹੈ ਤੇ ਆਮ ਪਿਛੋਕੜ ਵਾਲੇ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੈ ¢ ਇਨ੍ਹਾਂ ਨੋਟੀਫਿਕੇਸ਼ਨਾਂ ਦੇ ਲਾਗੂ ਹੋਣ ਤੋਂ ਬਾਅਦ, ਸਿਰਫ਼ ਉਹੀ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜ ਸਕਣਗੇ ਜਿਨ੍ਹਾਂ ਕੋਲ ਵੱਡੀ ਪੂੰਜੀ ਤੇ ਸਰੋਤ ਹਨ ¢ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਭਾਵੇਂ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਇਹ ਵਿਵਸਥਾ ਸ਼ਹਿਰ 'ਚ ਪੋਸਟਰ ਲਗਾਉਣ ਤੇ ਕੰਧਾਂ ਨੂੰ ਵਿਗਾੜਨ ਤੋਂ ਰੋਕਣ ਲਈ ਕੀਤੀ ਗਈ ਹੈ, ਪਰ ਇਹ ਲੋਕਤੰਤਰੀ ਭਾਵਨਾ ਦੇ ਅਨੁਸਾਰ ਨਹੀਂ ਹੈ ¢ ਇਹ ਨੋਟੀਫ਼ਿਕੇਸ਼ਨ ਆਮ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਣ ਦੀ ਸਿੱਧੀ ਸਾਜ਼ਿਸ਼ ਹੈ ¢