ਐਡੀਲੇਡ, 21 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸੰਗਤ ਵੱਲੋਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਤਮਘਾਤ ਦੇ ਵਿਸ਼ੇ 'ਤੇ ਆਸਟ੍ਰੇਲੀਆ ਭਰ 'ਚ ਪਹਿਲੀ ਵਾਰ ਪੰਜਾਬੀ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਾਨਸਿਕ ਸਿਹਤ ਦੇ ਵਰਕਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ 'ਚ ਪੰਜ ਵਿਚੋਂ ਇਕ ਵਿਅਕਤੀ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ ਤੇ 43% ਵਿਅਕਤੀ ਜ਼ਿੰਦਗੀ 'ਚ ਕਦੇ ਨਾ ਕਦੇ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ | ਰਿਸ਼ੀ ਗੁਲਾਟੀ ਵੱਲੋਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰਾਂ ਦੀ ਲੜੀ 'ਜ਼ਿੰਦਗੀ ਅਜੇ ਬਾਕੀ ਹੈ' ਤਹਿਤ ਆਤਮਘਾਤ ਦੇ ਵਿਸ਼ੇ 'ਤੇ ਗੱਲਬਾਤ ਕੀਤੀ ਗਈ | ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਤਮਘਾਤ ਨੂੰ 'ਆਧੁਨਿਕ ਸਮਾਜ ਦੇ ਮੱਥੇ ਦਾ ਕਲੰਕ' ਕਰਾਰ ਦਿੱਤਾ | ਜ਼ਿਕਰਯੋਗ ਹੈ ਕਿ ਰਿਸ਼ੀ ਗੁਲਾਟੀ ਦੀ ਕਿਤਾਬ 'ਜ਼ਿੰਦਗੀ ਅਜੇ ਬਾਕੀ ਹੈ' ਦਾ ਵਿਸ਼ਾ ਘਰੇਲੂ ਕਲੇਸ਼ ਤੇ ਆਤਮਘਾਤ ਦੀਆ ਸਮਸਿਆਵਾਂ ਨੂੰ ਦਰਸਾਂਦੀ ਹੈ | 2022 ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਸਿੱਕਮ ਖੁਦਕੁਸ਼ੀਆਂ 'ਚ ਪਹਿਲੇ ਨੰਬਰ 'ਤੇ ਹੈ, ਜਿੱਥੇ ਖ਼ੁਦਕੁਸ਼ੀਆਂ ਦੀ ਦਰ 43.1 ਪ੍ਰਤੀ ਇੱਕ ਲੱਖ ਵਿਅਕਤੀ ਹੈ, ਪੰਜਾਬ 'ਚ ਖ਼ੁਦਕੁਸ਼ੀਆਂ ਦੀ ਦਰ ਅੱਠ ਵਿਅਕਤੀ ਪ੍ਰਤੀ ਲੱਖ ਅਤੇ ਬਿਹਾਰ 'ਚ ਸਭ ਤੋਂ ਘੱਟ 0.6 ਪ੍ਰਤੀ ਲੱਖ ਵਿਅਕਤੀ ਆਤਮਘਾਤ ਦਾ ਸ਼ਿਕਾਰ ਹੁੰਦੇ ਹਨ | 'ਵਰਲਡ ਹੈਲਥ ਆਰਗੇਨਾਈਜੇਸ਼ਨ' ਅਨੁਸਾਰ ਹੁਣ ਤੱਕ ਕੇਵਲ 38 ਦੇਸ਼ਾਂ ਨੇ ਹੀ ਖ਼ੁਦਕੁਸ਼ੀ ਰੋਕਥਾਮ ਸੰਬੰਧੀ ਨੀਤੀ' ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਹੈ |