25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆਪਣੀਆਂ ਅੱਖਾਂ ਨੂੰ ਜਿਊਂਦੇ ਰਹਿਣ ਦਿਓ

ਅਜੀਤ ਡੈਸਕ 03-09-2025

ਰਾਸ਼ਟਰੀ ਨੇਤਰਦਾਨ ਪੰਦ੍ਹਰਵਾੜੇ 'ਤੇ ਵਿਸ਼ੇਸ਼
ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਰਾਸ਼ਟਰੀ ਨੇਤਰਦਾਨ ਪੰਦ੍ਹਰਵਾੜਾ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ 1985 'ਚ ਹੋਈ ਸੀ। ਇਸ ਦਾ ਮੁੱਖ ਉਦੇਸ਼ ਨੇਤਰਦਾਨ ਦੀ ਮਹੱਤਤਾ ਨੂੰ ਪ੍ਰਫੁੱਲਿਤ ਕਰਨਾ ਅਤੇ 'ਕਾਰਨੀਆ ਬਲਾਈਂਡਨੈੱਸ' ਨਾਂਅ ਦੀ ਬਿਮਾਰੀ ਨੂੰ ਘਟਾਉਣਾ ਹੈ।
ਮੈਡੀਕਲ ਸਿੱਖਿਆ ਅਤੇ ਖੋਜ ਖੇਤਰ ਵਿਚ ਹੋਈ ਬੇਤਹਾਸ਼ਾ ਤਰੱਕੀ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਆਪਣੇ ਕੁਝ ਸਰੀਰਕ ਅੰਗਾਂ ਨੂੰ ਦਾਨ ਕਰਕੇ ਜਾਂ ਖ਼ੂਨਦਾਨ ਜਿਹੇ ਨੇਕ ਕਾਰਜਾਂ ਨਾਲ ਕਿਸੇ ਨੂੰ ਜੀਵਨ ਦਾਨ ਦੇ ਸਕਦੇ ਹਾਂ ਅਤੇ ਕਿਸੇ ਦੇ ਜੀਵਨ ਵਿਚ ਖੁਸ਼ੀਆਂ ਭਰ ਸਕਦੇ ਹਾਂ। ਕਈ ਲੋਕਾਂ ਵਲੋਂ ਤਾਂ ਮੌਤ ਉਪਰੰਤ ਪੂਰਾ ਸਰੀਰ ਹੀ ਡਾਕਟਰੀ ਖੋਜਾਂ ਅਤੇ ਵਿੱਦਿਅਕ ਉਦੇਸ਼ਾਂ ਲਈ ਦਾਨ ਕੀਤਾ ਜਾ ਰਿਹਾ ਹੈ। ਅੰਗ ਦਾਨਾਂ 'ਚੋਂ ਹੀ ਇਕ ਹੈ ਅੱਖਾਂ ਦਾ ਦਾਨ, ਜੋ ਕਿਸੇ ਦ੍ਰਿਸ਼ਟੀਹੀਣ ਵਿਅਕਤੀ ਦੇ ਜੀਵਨ ਦੇ ਹਨੇਰੇ 'ਚ ਚਾਨਣ ਦੀ ਛਿੱਟ ਲਿਆ ਸਕਦਾ ਹੈ। ਸਾਡੀਆਂ ਦਾਨ ਕੀਤੀਆਂ ਅੱਖਾਂ ਮੌਤ ਉਪਰੰਤ ਵੀ ਜੀਵਤ ਰਹਿ ਕੇ ਕਿਸੇ ਦੀ ਹਨੇਰੀ ਦੁਨੀਆ ਨੂੰ ਰੌਸ਼ਨ ਕਰ ਸਕਦੀਆਂ ਹਨ। ਇਹ ਰੰਗੀਨ ਜ਼ਿੰਦਗੀ ਵੀ ਉਦੋਂ ਤੱਕ ਹੀ ਖ਼ੂਬਸੂਰਤ ਹੈ, ਜਦੋਂ ਤੱਕ ਅੱਖਾਂ ਸਲਾਮਤ ਹਨ। ਪਰ ਇਸ ਦੁਨੀਆ ਵਿਚ ਅਜੇ ਵੀ ਅਣਗਿਣਤ ਦ੍ਰਿਸ਼ਟੀਹੀਣ ਲੋਕ ਹਨ, ਜੋ ਇਸ ਦਰਦ ਨੂੰ ਹੰਢਾਅ ਰਹੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ 'ਚ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ, ਜੋ ਕਿਸੇ ਹਾਦਸੇ ਕਾਰਨ ਜਾਂ ਬਚਪਨ ਤੋਂ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਅੰਨ੍ਹੇਪਣ ਦੇ ਵਧਦੇ ਮਰੀਜ਼ਾਂ ਕਾਰਨ ਦਿਨ-ਬ-ਦਿਨ ਦਾਨੀ ਅੱਖਾਂ ਦੀ ਲੋੜ ਮੁਤਾਬਕ ਬਹੁਤ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਸ ਘਾਟੇ ਨੂੰ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖ਼ੁਦ ਵੀ ਮੌਤ ਤੋਂ ਬਾਅਦ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਸੁਚੇਤ ਕਰੀਏ। ਸਾਡੇ ਦੇਸ਼ 'ਚ ਸਵੈ-ਇੱਛਾ ਨਾਲ ਅੱਖਾਂ ਦਾਨ ਕਰਨ ਦੇ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਅੰਧ-ਵਿਸ਼ਵਾਸ ਤੇ ਭਰਮ-ਭੁਲੇਖੇ ਹਨ। ਇੱਥੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜੇ ਵਿਅਕਤੀ ਦੀ ਮੌਤ ਪਿੱਛੋਂ ਅੱਖਾਂ ਕੱਢ ਲਈਆਂ ਜਾਣ ਤਾਂ ਉਹ ਅਗਲੇ ਜਨਮ 'ਚ ਅੱਖਾਂ ਤੋਂ ਵਾਂਝਾ ਪੈਦਾ ਹੋਵੇਗਾ ਜਾਂ ਫਿਰ ਉਸ ਦੀ ਆਤਮਾ ਨੂੰ ਸ਼ਾਂਤੀ ਹੀ ਨਹੀਂ ਮਿਲੇਗੀ। ਲੋਕਾਂ ਦੇ ਮਨਾਂ 'ਚੋਂ ਅਜਿਹੇ ਭਰਮ-ਭੁਲੇਖੇ ਦੂਰ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਤੇ ਕਈ ਸਮਾਜ ਸੇਵੀ ਸੰਸਥਾਵਾਂ ਹਰ ਸੰਭਵ ਉਪਰਾਲਾ ਕਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਚਿੱਟਾ-ਮੋਤੀਆ ਅਤੇ ਗਲੂਕੋਮਾ ਤੋਂ ਬਾਅਦ ਕਾਰਨੀਆ (ਅੱਖਾਂ ਦੀ ਪਾਰਦਰਸ਼ਕ ਝਿੱਲੀ) ਸੰਬੰਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਬਿਮਾਰੀ, ਸੱਟ, ਕੁਪੋਸ਼ਣ ਜਾਂ ਇਨਫੈਕਸ਼ਨ ਕਾਰਨ ਕਾਰਨੀਆ ਧੁੰਦਲਾ ਹੋ ਸਕਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ। ਕਾਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪ੍ਰੇਸ਼ਨ ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕਾਰਨੀਆ ਦੀ ਥਾਂ 'ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕਾਰਨੀਆ ਮਰੀਜ਼ ਦੀ ਅੱਖ ਵਿਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਲੋਕ ਸਵੈ-ਇੱਛਾ ਨਾਲ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਲਈ ਜਿਊਂਦੇ ਜੀਅ ਸਹੁੰ ਚੁੱਕਣ ਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ 'ਚ ਹਿੱਸਾ ਪਾਉਣ। ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਇੱਛੁਕ ਵਿਅਕਤੀ ਆਨਲਾਈਨ ਫਾਰਮ ਭਰ ਸਕਦੇ ਹਨ ਜਾਂ ਆਪਣਾ ਰਜਿਸਟ੍ਰੇਸ਼ਨ ਫਾਰਮ ਭਰਨ ਲਈ ਨੇੜਲੇ ਸਿਹਤ ਕੇਂਦਰ, ਹਸਪਤਾਲ ਜਾਂ ਸਿਹਤ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਸਟਾਫ਼ ਤੇ ਆਸ਼ਾ ਵਰਕਰ ਨਾਲ ਸੰਪਰਕ ਕਰ ਸਕਦੇ ਹਨ। ਇਕ ਵਿਅਕਤੀ ਦੇ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਨਜ਼ਰ ਮਿਲ ਸਕਦੀ ਹੈ। ਅੱਖਾਂ ਦਾ ਮਤਲਬ ਹੈ ਕਿ ਪਰਿਵਾਰ ਦੀ ਸਹਿਮਤੀ ਨਾਲ ਟਰਾਂਸਪਲਾਂਟ ਲਈ ਮੌਤ ਤੋਂ ਬਾਅਦ ਕਿਸੇ ਵਿਅਕਤੀ ਦੀਆਂ ਅੱਖਾਂ ਨੂੰ ਦਾਨ ਕਰਨਾ।
ਕਦੋਂ ਤੇ ਕਿਵੇਂ ਕਰ ਸਕਦੇ ਹਾਂ ਦਾਨ
ਵਿਅਕਤੀ ਦੀ ਮੌਤ ਦੇ 4 ਤੋਂ 6 ਘੰਟਿਆਂ ਦੇ ਅੰਦਰ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ। ਕੋਈ ਵੀ ਵਿਅਕਤੀ ਸਵੈ-ਇੱਛਾ ਨਾਲ ਮੌਤ ਤੋਂ ਪਹਿਲਾਂ ਦਾਨੀ ਬਣ ਸਕਦਾ ਹੈ, ਭਾਵੇਂ ਕਿਸੇ ਵੀ ਉਮਰ, ਲਿੰਗ, ਜਾਂ ਬਲੱਡ ਗਰੁੱਪ ਦਾ ਕਿਉਂ ਨਾ ਹੋਵੇ। ਮੋਤੀਆਬਿੰਦ ਜਾਂ ਐਨਕਾਂ ਵਾਲਾ ਕੋਈ ਵੀ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਹਾਈਪਰਟੈਂਸ਼ਨ ਪੀੜਤ ਵਿਅਕਤੀ ਤੇ ਸ਼ੂਗਰ ਰੋਗੀ ਵੀ ਅੱਖਾਂ ਦਾਨ ਕਰ ਸਕਦਾ ਹੈ, ਜਦਕਿ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਨਾਲ ਪੀੜਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ। ਮੌਤ ਤੋਂ ਬਾਅਦ ਮਾਹਿਰਾਂ ਵਲੋਂ ਅੱਖਾਂ ਲੈਣ ਦੀ ਖ਼ੂਨ ਰਹਿਤ ਪ੍ਰਕਿਰਿਆ ਵਿਚ 15-20 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ ਦੌਰਾਨ ਦਾਨੀ ਦੇ ਚਿਹਰੇ ਵਿਚ ਕੋਈ ਵਿਗਾੜ ਨਹੀਂ ਪੈਂਦਾ। ਨੇੜੇ ਦੇ ਆਈ-ਬੈਂਕ ਦੀ ਟੀਮ ਮ੍ਰਿਤਕ ਦੀ ਸੂਚਨਾ ਮਿਲਦੇ ਹੀ ਦਾਨੀ ਦੇ ਘਰ ਜਾਂ ਕਿਸੇ ਹੋਰ ਸਥਾਨ 'ਤੇ ਪਹੁੰਚ ਜਾਂਦੀ ਹੈ। ਅੱਖਾਂ ਦਾਨ ਕਰਨ ਸੰਬੰਧੀ ਵਾਅਦਾ ਕਰਨ ਤੋਂ ਬਾਅਦ ਕਿਰਪਾ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਖਾਂ ਦਾਨ ਕਰਨ ਦੀ ਆਪਣੀ ਇੱਛਾ ਬਾਰੇ ਜ਼ਰੂਰ ਦੱਸੋ, ਤਾਂ ਜੋ ਉਹ ਤੁਹਾਡੀ ਇੱਛਾ ਪੂਰੀ ਕਰ ਸਕਣ। ਅੱਖਾਂ ਦੇ ਬੈਂਕ ਮਨੁੱਖੀ ਅੰਗ ਟ੍ਰਾਂਸਪਲਾਂਟੇਸ਼ਨ ਐਕਟ ਅਧੀਨ ਆਉਂਦੇ ਹਨ। ਦਾਨ ਕੀਤੀਆਂ ਅੱਖਾਂ ਨੂੰ ਵੇਚਿਆ ਨਹੀਂ ਜਾ ਸਕਦਾ, ਕਿਉਂਕਿ ਉਕਤ ਐਕਟ ਤਹਿਤ ਇਹ ਅਪਰਾਧ ਹੈ। ਵਿੱਦਿਅਕ, ਧਾਰਮਿਕ ਅਦਾਰਿਆਂ, ਸਮਾਜ ਸੇਵੀ ਜਥੇਬੰਦੀਆਂ, ਪੰਚਾਇਤਾਂ ਅਤੇ ਕਲੱਬਾਂ ਨੂੰ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕਤਾ ਪੈਦਾ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਦਾਨ ਕੀਤੀਆਂ ਅੱਖਾਂ ਨਾਲ ਕਿਸੇ ਦਾ ਜੀਵਨ ਰੌਸ਼ਨ ਹੋ ਸਕੇ।

-ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ,
ਸਿਹਤ ਵਿਭਾਗ, ਪੰਜਾਬ।
ਮੋਬਾ: 98146-56257

ਪਿਛਲੀ ਖ਼ਬਰ ਸੈਮੀਕੰਡਕਟਰ ਕ੍ਰਾਂਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਭਾਰਤ ਅਗਲੀ ਖ਼ਬਰ ਚੋਣ ਕਮਿਸ਼ਨ ਆਪਣੀ ਨਿਰਪੱਖਤਾ ਬਣਾਈ ਰੱਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।