ਮਹਿਲ ਕਲਾਂ, 8 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੁੱਲੀਵਾਲ ਅਤੇ ਬਲਾਕ ਸੰਮਤੀ ਜ਼ੋਨ ਵਜੀਦਕੇ ਕਲਾਂ ਤੋਂ ਚੋਣ ਮੈਦਾਨ ਵਿਚ ਉੱਤਰੇ ਉੱਚ ਵਿੱਦਿਆ ਪ੍ਰਾਪਤ ਭੈਣ-ਭਰਾ ਜਸ਼ਨਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਹਮੀਦੀ ਨੇ ਸਾਰੇ ਹਲਕੇ ਦਾ ਧਿਆਨ ਖਿੱਚਿਆ ਹੈ | ਇਹ ਦੋਵੇਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਹਨ | ਦੋਵੇਂ ਮਾਸਟਰ ਡਿਗਰੀ ਹੋਲਡਰ ਹਨ, ਜੋ ਇਨ੍ਹਾਂ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ | 26 ਸਾਲਾ ਜਸ਼ਨਪ੍ਰੀਤ ਕੌਰ ਹਮੀਦੀ, ਜ਼ੋਨ ਠੁੱਲੀਵਾਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਹੈ | ਉਹ ਐਮ.ਏ. ਪੰਜਾਬੀ, ਬੀ.ਐਡ. ਦੇ ਨਾਲ-ਨਾਲ ਨੈੱਟ ਤੇ ਟੈਟ ਵੀ ਕਲੀਅਰ ਕਰ ਚੁੱਕੀ ਹੈ ਅਤੇ ਇਸ ਸਮੇਂ ਪੀ.ਐੱਚ.ਡੀ. ਦੀ ਤਿਆਰੀ ਕਰ ਰਹੀ ਹੈ | ਉਸ ਦਾ ਭਰਾ, 27 ਸਾਲਾ ਹਰਮਨਪ੍ਰੀਤ ਸਿੰਘ ਹਮੀਦੀ, ਜ਼ੋਨ ਵਜੀਦਕੇ ਕਲਾਂ ਤੋਂ ਬਲਾਕ ਸੰਮਤੀ ਦਾ ਉਮੀਦਵਾਰ ਹੈ | ਉਹ ਡਬਲ ਐਮ.ਏ. (ਇਤਿਹਾਸ ਅਤੇ ਧਰਮ ਅਧਿਐਨ) ਪਾਸ ਹੈ ਅਤੇ ਕਥਾਵਾਚਕ ਡਿਪਲੋਮਾ ਤੇ ਗ੍ਰੰਥੀ ਕੋਰਸ ਕਰ ਚੁੱਕਾ ਹੈ | ਇਸ ਵੇਲੇ ਉਹ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ 'ਤੇ ਪੀ.ਐੱਚ.ਡੀ. ਕਰ ਰਿਹਾ ਹੈ | ਦੋਵੇਂ ਭੈਣ-ਭਰਾ, ਜੋ ਪ੍ਰਸਿੱਧ ਢਾਡੀ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮਹਿਲ ਕਲਾਂ ਜਥੇਦਾਰ ਨਾਥ ਸਿੰਘ ਹਮੀਦੀ ਦੇ ਬੱਚੇ ਹਨ, ਉਹ ਲੋਕਾਂ ਵਿਚ ਵਿਕਾਸ, ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਸਿੱਖਿਆ ਦੇ ਏਜੰਡਾ ਲੈ ਕੇ ਜਾ ਰਹੇ ਹਨ | ਦੋਵਾਂ ਨੇ ਕਿਹਾ ਕਿ ਜਿੱਤ ਮਗਰੋਂ ਵੀ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਗੇ ਅਤੇ ਸੇਵਾ-ਸਮਰਪਣ ਦੀ ਰਾਹੀਂ ਅਗਾਂਹ ਵਧਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਚੋਣ ਮੁਹਿੰਮ 'ਚ ਹਰ ਪਿੰਡ 'ਚੋਂ ਹਰ ਵਰਗ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ |