ਲਹਿਰਾਗਾਗਾ, ਮੂਣਕ, 25 ਨਵੰਬਰ (ਅਸ਼ੋਕ ਗਰਗ, ਕੇਵਲ ਸਿੰਗਲਾ)-ਪਿੰਡ ਢੀਂਡਸਾ ਵਿਖੇ ਗੁੰਡਾਗਰਦੀ ਰਾਹੀਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪਿੰਡ ਦੇ ਲੋਕ ਅੱਗੇ ਆਏ ਹਨ | ਜਿਸ ਵਿਚ ਪਿੰਡ ਦੇ ਸਰਪੰਚ ਤਜਿੰਦਰਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਰਧਾਨ ਚਮਕੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਇਕਾਈ ਰਾਮਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ, ਢੀਂਡਸਾ ਲਾਇਬ੍ਰੇਰੀ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ, ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਇਕਾਈ ਪ੍ਰਧਾਨ ਲੀਲਾ ਸਿੰਘ, ਸਾਬਕਾ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਇਕੱਠ ਹੋਇਆ, ਜਿਸ ਵਿਚੋਂ 40 ਮੈਂਬਰਾਂ ਦੀ ਕਮੇਟੀ ਬਣਾਈ ਗਈ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਵੇਚੇ ਜਾ ਰਹੇ ਨਾਜਾਇਜ਼ ਨਸ਼ੇ ਨੂੰ ਬੰਦ ਕਰਵਾਇਆ ਜਾਵੇ, ਇੱਕ ਪਾਸੇ ਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਤਹਿਤ ਮੁਹਿੰਮ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਠੇਕੇਦਾਰ ਵਲੋ ਗੁੰਡਾਗਰਦੀ ਨਾਲ ਪਿੰਡ ਵਿਚ ਨਜਾਇਜ਼ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਨਾਲ ਨਸ਼ੇੜੀ ਲੋਕਾਂ ਦੀਆ ਭੀੜਾਂ ਲਗਦੀਆਂ ਹਨ | ਇਸ ਕਰ ਕੇ ਸਮੂਹ ਪਿੰਡ ਨੇ ਫ਼ੈਸਲਾ ਕੀਤਾ ਹੈ, ਕਿ ਇਸ ਨਾਜਾਇਜ਼ ਨਸ਼ੇ ਦੀ ਵਿੱਕਰੀ 'ਤੇ ਰੋਕ ਲਗਾਈ ਜਾਵੇ, ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਜੇਕਰ 29 ਨਵੰਬਰ ਤੋਂ ਪਹਿਲਾਂ ਠੇਕੇਦਾਰਾਂ ਵਿਰੁੱਧ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ 29 ਨਵੰਬਰ ਤੋਂ ਥਾਣਾ ਮੂਣਕ ਵਿਖੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ, ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਬਣਾਇਆ ਜਾਵੇ |