26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਕਾਰੀ ਸਨਮਾਨਾਂ ਨਾਲ ਹੋਇਆ ਸਿਪਾਹੀ ਗੁਰਸੇਵਕ ਸਿੰਘ ਲੱਡਾ ਦਾ ਅੰਤਿਮ ਸੰਸਕਾਰ

ਅਜੀਤ ਡੈਸਕ 22-10-2025
ਮਸਤੂਆਣਾ ਸਾਹਿਬ, 21 ਅਕਤੂਬਰ (ਦਮਦਮੀ) - ਭਾਰਤੀ ਫ਼ੌਜ ਦੀ 11 ਸਿਖਲਾਈ ਰੇਜਮੈਂਟ ਵਿਚ ਸੇਵਾਵਾਂ ਨਿਭਾ ਰਹੇ ਗੁਰਸੇਵਕ ਸਿੰਘ ਵਾਸੀ ਪਿੰਡ ਲੱਡਾ, ਜਿਸ ਦੀ ਬੀਤੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਚੌਂਕੀ ਬਡਰੁੱਖਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਿਛਲੇ ਅੱਠ ਸਾਲਾਂ ਤੋਂ 11 ਸਿਖਲਾਈ ਰੈਜੀਮੈਂਟ ਵਿਚ ਬਤੌਰ ਸਿਪਾਹੀ ਸੇਵਾਵਾਂ ਨਿਭਾਅ ਰਿਹਾ ਗੁਰਸੇਵਕ ਸਿੰਘ ਛੁੱਟੀ ਕੱਟਣ ਪਿੰਡ ਆਇਆ ਹੋਇਆ ਸੀ | ਬੀਤੇ ਦਿਨ ਉਹ ਆਪਣੇ ਇੱਕ ਹੋਰ ਸਾਥੀ ਚਰਨਜੀਤ ਸਿੰਘ ਪੁੱਤਰ ਸੁਖਪ੍ਰੀਤ ਸਿੰਘ ਵਾਸੀ ਲੱਡਾ ਨਾਲ ਮੋਟਰਸਾਈਕਲ 'ਤੇ ਪਿੰਡ ਲੱਡਾ ਤੋਂ ਬਡਬਰ ਆਪਣੀ ਭੈਣ ਕੋਲ ਮਿਲਣ ਲਈ ਜਾ ਰਿਹਾ ਸੀ | ਜਿਉਂ ਹੀ ਉਹ ਨੈਸ਼ਨਲ ਹਾਈਵੇ 'ਤੇ ਪਿੰਡ ਬਹਾਦਰਪੁਰ ਅਤੇ ਦੁੱਗਾਂ ਦੇ ਵਿਚਕਾਰ ਪਹੁੰਚਿਆ ਤਾਂ ਪਿੱਛੋਂ ਆ ਰਹੇ ਇੱਕ ਓਪਨ ਬਾਡੀ ਟਰੱਕ ਨੰਬਰ ਪੀਬੀ 11 ਏ ਜੀ 9877 ਨੇ ਫੇਟ ਮਾਰ ਦਿੱਤੀ | ਇਸ ਹਾਦਸੇ ਦੌਰਾਨ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਚਰਨਜੀਤ ਸਿੰਘ ਜ਼ਖ਼ਮੀ ਹੋ ਗਿਆ | ਇਸ ਹਾਦਸੇ ਦੌਰਾਨ ਟਰੱਕ ਚਾਲਕ ਬਹਾਦਰਪੁਰ ਤੋਂ ਨਜ਼ਦੀਕ ਆਪਣੀ ਫ਼ੈਕਟਰੀ ਵਿਚ ਟਰੱਕ ਖੜ੍ਹਾ ਕੇ ਭੱਜ ਗਿਆ ਪੁਲਿਸ ਵਲੋਂ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਮਿ੍ਤਕ ਗੁਰਸੇਵਕ ਸਿੰਘ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ, ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ | ਇਸ ਮੌਕੇ ਫ਼ੌਜ ਦੇ ਉੱਚ ਅਧਿਕਾਰੀ ਅਤੇ ਸਿਪਾਹੀ ਹਾਜ਼ਰ ਹੋਏ ਜਿਨ੍ਹਾਂ ਨੇ ਮਿ੍ਤਕ ਗੁਰਸੇਵਕ ਸਿੰਘ ਨੂੰ ਸਲਾਮੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਗੁਰਸੇਵਕ ਸਿੰਘ ਇੱਕ ਅੱਤ ਦੇ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ | ਜਿਸ ਦੀ ਰੂਪਾਹੇੜੀ ਵਿਖੇ ਮੰਗਣੀ ਵੀ ਹੋਈ ਸੀ ਅਤੇ ਫਰਵਰੀ ਵਿਚ ਵਿਆਹ ਹੋਣਾ ਸੀ | ਉਸ ਦੇ ਸਿਰ 'ਤੇ ਪਿਤਾ ਦਾ ਸਾਇਆ ਵੀ ਨਹੀਂ ਸੀ | ਪਰਿਵਾਰ ਵਿਚ ਪਿੱਛੇ ਇਕੱਲੀ ਬਿਰਧ ਮਾਤਾ ਦਾਰੋ ਕੌਰ ਅਤੇ ਚਾਰ ਭੈਣਾਂ ਰਹਿ ਗਈਆਂ ਹਨ | ਇਸ ਮੌਕੇ ਪੁੱਜੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਗੁਰਸੇਵਕ ਸਿੰਘ ਇੱਕ ਚੰਗਾ ਇਨਸਾਨ ਸੀ ਅਤੇ ਫ਼ੌਜ ਨੂੰ ਅਤੇ ਦੇਸ਼ ਸੇਵਾ ਨੂੰ ਪੂਰੀ ਤਰਾਂ ਸਮਰਪਿਤ ਸੀ | ਇੱਕ ਸੜਕ ਹਾਦਸੇ ਵਿਚ ਉਸ ਦਾ ਇੰਝ ਜਾਣਾ ਫ਼ੌਜ, ਪਰਿਵਾਰ ਅਤੇ ਸਮਾਜ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਿੰਡ ਦੇ ਸਰਪੰਚ ਮਿੱਠੂ ਲੱਡਾ, ਸੂਬੇਦਾਰ ਚਮਕੌਰ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਨੇ ਇੱਕ ਗ਼ਰੀਬ ਪਰਿਵਾਰ ਵਿਚੋਂ ਉਠ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਫ਼ੌਜ ਵਿਚ ਨੌਕਰੀ ਹਾਸਲ ਕੀਤੀ ਅਤੇ ਆਪਣੀ ਮਿਹਨਤ ਦੀ ਬਦੌਲਤ ਆਪਣੇ ਪਰਿਵਾਰ ਦੇ ਹਾਲਾਤ ਸੁਧਾਰ ਰਿਹਾ ਸੀ ਪਰ ਇੱਕ ਅਣਹੋਣੀ ਘਟਨਾ ਨੇ ਇੱਕ ਹੀਰਾ ਸਾਡੇ ਤੋਂ ਖੋਹ ਲਿਆ ਹੈ | ਇਸ ਮੌਕੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਗੁਰਸੇਵਕ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ |
ਪਿਛਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਰਿਣ ਕਦੇ ਉਤਾਰਿਆ ਨਹੀਂ ਜਾ ਸਕਦਾ - ਜ਼ਿਲ੍ਹਾ ਪੁਲਿਸ ਮੁਖੀ ਅਗਲੀ ਖ਼ਬਰ ਨਵ ਕੌਰ (ਨਵਦੀਪ ਕੌਰ) ਸਿਟੀ ਆਫ਼ ਸਵਾਨ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।