ਮਲੌਦ, 3 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਸੰਮਤੀ ਦੀ ਮਲੌਦ ਅਧੀਨ ਪੈਂਦੇ ਨਾਮਵਰ ਪਿੰਡ ਸਿਆੜ ਦੀ ਬਲਾਕ ਸੰਮਤੀ ਦੀ ਚੋਣ ਬਹੁਤ ਹੀ ਅਹਿਮ ਹੋਵੇਗੀ | ਕਿਉਂਕਿ ਸਿਆੜ ਜੋਨ ਵਿਚ ਇਕਲੌਤਾ ਪਿੰਡ ਸਿਆੜ ਹੀ ਸ਼ਾਮਿਲ ਹੈ | ਆਮ ਆਦਮੀ ਪਾਰਟੀ ਵਲੋਂ ਸਰਪੰਚ ਲਵਪ੍ਰੀਤ ਕੌਰ ਦੇ ਪਤੀ ਪ੍ਰਗਟ ਸਿੰਘ ਸਿਆੜ ਜੋ ਮੌਜੂਦਾ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਦੇ ਕਰੀਬੀਆਂ ਵਿਚੋਂ ਇੱਕ ਹੈ, ਜਿਸ ਨੂੰ ਉਮੀਦਵਾਰ ਬਣਾਇਆ ਗਿਆ ਹੈ | ਦੂਜੇ ਪਾਸੇ ਨੌਜਵਾਨ ਆਗੂ ਪ੍ਰੋ: ਗੁਰਮੁਖ ਸਿੰਘ ਗੋਮੀ ਜੋ ਕਿ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਖ਼ਾਸਮਖ਼ਾਸ ਵਿਅਕਤੀਆਂ 'ਚੋਂ ਇਕ ਖ਼ਾਸ ਚਿਹਰਾ ਹੈ | ਪ੍ਰਗਟ ਸਿੰਘ ਸਿਆੜ ਨੇ ਕਿਹਾ ਕਿ ਮੇਰੀ ਪਤਨੀ ਲਵਪ੍ਰੀਤ ਕੌਰ ਪਿੰਡ ਸਿਆੜ ਦੀ ਲਗਾਤਾਰ ਦੂਸਰੀ ਵਾਰ ਸਰਪੰਚ ਬਣੀ ਹੈ ਜਿਸ ਨੇ ਆਪਣੇ ਪਹਿਲੇ ਕਾਰਜ ਕਾਲ ਤੋਂ ਲੈ ਕੇ ਹੁਣ ਤੱਕ ਅਥਾਹ ਵਿਕਾਸ-ਕਾਰਜ ਕਰਵਾਏ ਹਨ ਜੋ ਇੱਕ ਰਿਕਾਰਡਤੋੜ ਹੋ ਨਿੱਬੜਨਗੇ | ਪ੍ਰਗਟ ਸਿੰਘ ਸਿਆੜ ਨੇ ਕਿਹਾ ਕਿ ਲੋਕ ਵਿਕਾਸ-ਕਾਰਜਾਂ ਨੂੰ ਸਮਰਪਿਤ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਗੇ | ਕਾਂਗਰਸੀ ਉਮੀਦਵਾਰ ਪ੍ਰੋ: ਗੁਰਮੁਖ ਸਿੰਘ ਗੋਮੀ ਨੇ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਦਾ ਹਰ ਵਕਤ ਸਾਥ ਦਿੰਦਿਆਂ ਹਲਕੇ ਦੀ ਸਿਆਸਤ ਵਿਚ ਆਪਣਾ ਨਾਂਅ ਚਮਕਾਇਆ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਪਿੰਡ ਅਤੇ ਇਲਾਕੇ ਦੀ ਭਲਾਈ ਲਈ ਅਨੇਕਾਂ ਕਾਰਜ ਕਰਵਾਏ ਹਨ |