ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਲੁਧਿਆਣਾ ਅਤੇ ਉਪ ਖ਼ਜ਼ਾਨਾ ਦਫ਼ਤਰਾਂ ਵਿਖੇ 4 ਤੋਂ 6 ਦਸੰਬਰ ਤੱਕ 'ਪੈਨਸ਼ਨਰ ਸੇਵਾ ਮੇਲਾ-2' ਦਾ ਆਯੋਜਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮੁੜ 4 ਦਸੰਬਰ ਤੋਂ 6 ਦਸੰਬਰ, 2025 ਤੱਕ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਜਿਸ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਲੁਧਿਆਣਾ ਦੇ ਨਾਲ-ਨਾਲ ਉਪ ਖ਼ਜ਼ਾਨਾ ਦਫ਼ਤਰਾਂ ਸਮਰਾਲਾ, ਖੰਨਾ, ਜਗਰਾਓਾ, ਪਾਇਲ ਅਤੇ ਰਾਏਕੋਟ ਵਿਖੇ ਵੀ ਪੈਨਸ਼ਨ ਸੇਵਾ ਮੇਲਾ ਲਗਾਇਆ ਜਾਵੇਗਾ | ਜਿਸ ਵਿੱਚ ਪੈਨਸ਼ਨ ਸੇਵਾ ਪੋਰਟਲ ਰਾਹੀਂ ਪੈਨਸ਼ਨਰਾਂ ਦੀ ਈ-ਕੇ. ਵਾਈ. ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਣੀ ਯਕੀਨੀ ਬਣਾਈ ਜਾਵੇਗੀ | ਜ਼ਿਕਰਯੋਗ ਹੈ ਕਿ ਵਿੱਤ ਵਿਭਾਗ, ਪੰਜਾਬ ਵੱਲੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਪੱਧਰ 'ਤੇ ਮਿਤੀ 13 ਤੋਂ 15 ਨਵੰਬਰ, 2025 ਤੱਕ ਪੈਨਸ਼ਨਰ ਸੇਵਾ ਮੇਲਾ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਵਲੋਂ ਹਿੱਸਾ ਲੈਂਦੇ ਹੋਏ ਈ-ਕੇ. ਵਾਈ. ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਈ ਗਈ | ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਲੁਧਿਆਣਾ ਉਪਨੀਤ ਸਿੰਘ ਵੱਲੋਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਵੱਲੋਂ ਹਾਲੇ ਤੱਕ ਆਪਣੀ ਈ-ਕੇ. ਵਾਈ. ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਨਹੀਂ ਕਰਵਾਈ ਗਈ, ਉਹ ਪੈਨਸ਼ਨਰ 04 ਦਸੰਬਰ ਤੋਂ 6 ਦਸੰਬਰ ਤੱਕ ਲੱਗਣ ਵਾਲੇ 'ਪੈਨਸ਼ਨਰ ਸੇਵਾ ਮੇਲਾ-2' ਵਿੱਚ ਸ਼ਮੂਲੀਅਤ ਕਰਦਿਆਂ ਆਪਣੀ ਈ-ਕੇ. ਵਾਈ. ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਵਾ ਕੇ ਇਸ ਸੇਵਾ ਦਾ ਲਾਭ ਉਠਾਉਣ |