ਖੰਨਾ, 21 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਰਤ ਭਰ ਵਿੱਚ ਪੁਲਿਸ ਹਰ ਸਾਲ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਉਂਦੀ ਹੈ ਅਤੇ ਸਾਰੀਆਂ ਪੁਲਿਸ ਇਕਾਈਆਂ ਉਸ ਸਾਲ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਯਾਦ ਕਰਦੀਆਂ ਹਨ | ਅੱਜ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੀ ਇਹ ਸ਼ਹੀਦੀ ਦਿਵਸ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਖੰਨਾ ਖੇਤਰ ਨਾਲ ਸਬੰਧਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਇਸ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਬਾਅਦ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਦੁੱਖ-ਤਕਲੀਫ਼ਾਂ ਵੀ ਸੁਣੀਆਂ ਗਈਆਂ |