ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀਤੀ ਦੇਰ ਰਾਤ ਬਠਿੰਡਾ ਵਿਚ ਡਰਾਈਵਿੰਗ ਸਿੱਖ ਰਹੇ 3 ਪ੍ਰਵਾਸੀ ਵਿਅਕਤੀ ਕਾਰ ਸਮੇਤ ਸਰਹਿੰਦ ਨਹਿਰ ਵਿਚ ਡਿੱਗ ਪਏ, ਜਿਸ ਕਾਰਨ ਇਕ ਕਾਰ ਸਵਾਰ ਦੀ ਮੌਤ ਹੋ ਗਏ ਹਨ, ਜਦਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਹਨ | ਇਹ ਹਾਦਸਾ 8-9 ਦਸੰਬਰ ਦੀ ਰਾਤ ਨੂੰ ਕਰੀਬ 12 ਵਜੇ ਵਾਪਰਿਆ, ਜਦੋਂ ਅਚਾਨਕ ਇਕ ਪੀ.ਬੀ.03ਬੀਜੀ-6882 ਨੰਬਰੀ ਸਵਿਫ਼ਟ ਕਾਰ ਸਥਾਨਕ ਬਹਿਮਣ ਪੁਲ ਕੋਲ ਨਹਿਰ ਵਿਚ ਜਾ ਡਿੱਗੀ, ਜਿਸ ਸੰਬੰਧੀ ਏਐਸਆਈ ਨਰਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਰਾਤੀਂ ਪੀ.ਸੀ.ਆਰ ਟੀਮ ਨਾਲ ਡਿਊਟੀ 'ਤੇ ਮੌਜੂਦ ਸਨ ਕਿ ਅਚਾਨਕ ਇਕ ਕਾਰ ਦੇ ਨਹਿਰ ਵਿਚ ਡਿੱਗਣ ਦਾ ਪਤਾ ਚੱਲਦਿਆਂ ਪੀ.ਸੀ.ਆਰ ਟੀਮਾਂ ਤੇ ਚੈਕਿੰਗ ਕਰਨ ਵਾਲੀਆਂ ਪੁਲਿਸ ਟੀਮਾਂ ਮੌਕੇ 'ਤੇ ਪੁੱਜੀਆਂ ਤਾਂ ਉਸ ਸਮੇਂ ਕਾਰ ਪਾਣੀ 'ਚ ਡੁੱਬੀ ਹੋਈ ਸੀ ਅਤੇ ਦੋ ਜਣੇ ਕਾਰ ਦੇ ਉੱਪਰ ਨਿਕਲੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਪੀ.ਸੀ.ਆਰ ਮੁਲਾਜ਼ਮਾਂ ਨੇ ਨਹਿਰ ਵਿਚੋਂ ਬਾਹਰ ਕੱਢਿਆ, ਜਦਕਿ ਇਕ ਕਾਰ ਸਵਾਰ ਦੀ ਗੱਡੀ ਵਿਚ ਹੀ ਮੌਤ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਬਾਅਦ ਵਿਚ ਪਤਾ ਚੱਲਿਆ ਕਿ ਤਿੰਨੋ ਕਾਰ ਸਵਾਰ ਨਹਿਰ ਦੀ ਪਟੜੀ 'ਤੇ ਬਣੀ ਸੜਕ ਉੱਪਰ ਕਾਰ ਚਲਾਉਣਾ ਸਿੱਖ ਰਹੇ ਸਨ ਕਿ ਅਚਾਨਕ ਕਾਰ ਬੇਕਾਬੂ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ | ਹਾਦਸੇ 'ਚ ਕਾਰ ਸਵਾਰ ਆਰਿਫ਼ ਅੰਸਾਰੀ (40) ਪੁੱਤਰ ਯਾਸੀਨ ਅੰਸਾਰੀ ਦੀ ਮੌਤ ਹੋ ਗਈ ਹੈ, ਜਦਕਿ ਮੁਖ਼ਤਿਆਰ ਅੰਸਾਰੀ (40) ਅਤੇ ਮੁਹੰਮਦ ਅੰਸਾਰੀ (18) ਨੂੰ ਬਚਾਅ ਲਿਆ ਗਿਆ, ਦੋਨੋਂ ਜ਼ਖ਼ਮੀਆਂ ਨੂੰ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜੋ ਪਿਛਲੇ 15 ਸਾਲ ਤੋਂ ਬਠਿੰਡਾ ਦੇ ਪਰਸ ਰਾਮ ਨਗਰ, ਗਲੀ ਨੰਬਰ-36 ਵਿਚ ਰਹਿ ਰਹੇ ਹਨ | ਮਿ੍ਤਕ ਕੱਪੜਿਆਂ ਦੀ ਕਢਾਈ (ਬੁਟਿਕ) ਦਾ ਕੰਮ ਕਰਦਾ ਸੀ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਚਾਰ ਬੱਚੇ ਛੱਡ ਗਿਆ | ਘਟਨਾ ਸਥਲ 'ਤੇ ਪਹੁੰਚੇ ਮਿ੍ਤਕ ਦੇ ਭਤੀਜੇ ਨੇ ਦੱਸਿਆ ਕਿ ਅਜੇ ਕੱਲ੍ਹ ਹੀ ਉਨ੍ਹਾਂ ਨੇ ਹਾਦਸਾਗ੍ਰਸਤ ਕਾਰ ਖ਼ਰੀਦ ਕੀਤੀ ਸੀ ਕਿ ਰਾਤੀਂ ਕਾਰ ਸਿੱਖਣ ਲਈ ਤਿੰਨੋ ਜਣੇ ਗੱਡੀ ਲੈ ਕੇ ਨਹਿਰ ਵੱਲ ਆਏ ਸਨ ਕਿ ਇਹ ਹਾਦਸਾ ਵਾਪਰ ਗਿਆ | ਸਵੇਰ ਹੋਣ ਮਗਰੋਂ ਕਾਰ ਨੂੰ ਕਰੇਨ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ |