ਭੁੱਚੋ ਮੰਡੀ, 8 ਦਸੰਬਰ (ਪਰਵਿੰਦਰ ਸਿੰਘ ਜੌੜਾ)-ਬਲਾਕ ਸੰਮਤੀ ਚੋਣਾਂ ਲੜਨ ਦਾ ਜਜ਼ਬਾ ਮਾਤਾ ਸੁਰਿੰਦਰ ਕੌਰ ਢਿੱਲੋਂ ਨੂੰ ਆਸਟ੍ਰੇਲੀਆ ਤੋਂ ਵਾਪਸ ਪਰਤ ਲਿਆਇਆ | ਉਹ ਇੱਥੋਂ ਨੇੜਲੇ ਪਿੰਡ ਚੱਕ ਬਖ਼ਤੂ ਦੇ ਰਹਿਣ ਵਾਲੇ ਹਨ | ਇਸ ਤੋਂ ਪਹਿਲਾਂ ਉਨ੍ਹਾਂ ਜ਼ਿੰਦਗੀ ਵਿਚ ਕੋਈ ਚੋਣ ਨਹੀਂ ਲੜੀ | ਉਨ੍ਹਾਂ ਦੀ ਉਮਰ 75 ਵਰ੍ਹੇ ਹੈ | ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਢਿੱਲੋਂ ਚੱਕ ਬਖ਼ਤੂ ਦਾ ਸਰਪੰਚ ਰਹਿ ਚੁੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ 'ਘੁਲਾਟੀਆਂ' ਆਗੂ ਹੈ | ਗੁਰਪ੍ਰੀਤ ਸਿੰਘ ਢਿੱਲੋਂ ਨੂੰ ਚੋਣਾਂ ਲੜਨ ਦੀ ਖ਼ਾਸ ਮੁਹਾਰਤ ਹਾਸਲ ਹੈ ਅਤੇ ਉਨ੍ਹਾਂ ਦੇ ਸਮਾਜਿਕ ਸਰੋਕਾਰ ਕਾਫੀ ਵੱਡੇ ਹਨ | ਮਾਤਾ ਸੁਰਿੰਦਰ ਕੌਰ ਪਿਛਲੇ ਡੇਢ ਸਾਲ ਤੋਂ ਆਪਣੇ ਪੋਤੇ ਤਰਨਵੀਰ ਸਿੰਘ ਢਿੱਲੋਂ ਅਤੇ ਪੋਤ ਨੂੰ ਹ ਡਾ. ਨਵਪ੍ਰੀਤ ਕੌਰ ਢਿੱਲੋਂ ਕੋਲ ਮੈਲਬੋਰਨ (ਆਸਟ੍ਰੇਲੀਆ) ਵਿਖੇ ਰਹਿ ਰਹੇ ਸਨ | ਉਨ੍ਹਾਂ ਦਾ ਅਜੇ ਡੇਢ ਸਾਲ ਦਾ ਵੀਜ਼ਾ ਹੋਰ ਪਿਆ ਸੀ | ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ | ਜਦੋਂ ਦਲ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਚੱਕ ਰਾਮ ਸਿੰਘ ਵਾਲਾ ਸੀਟ (ਔਰਤ ਰਾਖਵਾਂ) ਤੋਂ ਸੰਮਤੀ ਚੋਣ ਲੜਨ ਲਈ ਹੁਕਮ ਕੀਤਾ ਗਿਆ ਤਾਂ ਮਾਤਾ ਸੁਰਿੰਦਰ ਕੌਰ ਨੇ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਆਸਟ੍ਰੇਲੀਆ ਤੋਂ ਟਿਕਟ ਬੁੱਕ ਕਰਵਾ ਲਈ ਅਤੇ 4 ਦਸੰਬਰ ਨੂੰ ਕਾਗਜ਼ ਦਾਖਲ ਕਰਵਾ ਦਿੱਤੇ | ਉਕਤ ਸੀਟ ਚੱਕ ਰਾਮ ਸਿੰਘ ਵਾਲਾ, ਚੱਕ ਬਖ਼ਤੂ ਅਤੇ ਕੋਠੇ ਕਰਤਾਰਪੁਰ ਥਾਂਦੇ 'ਤੇ ਆਧਾਰਿਤ ਹੈ | ਮਾਤਾ ਸੁਰਿੰਦਰ ਕੌਰ ਇਨ੍ਹਾਂ ਤਿੰਨਾਂ ਪਿੰਡਾਂ ਦਾ ਪੈਦਲ ਚੱਲ ਕੇ ਘਰ-ਘਰ ਦੌਰਾ ਕਰਦੇ ਹਨ | ਉਹ ਪੂਰੇ ਉਤਸ਼ਾਹ ਵਿਚ ਹਨ | ਗੁਰਪ੍ਰੀਤ ਸਿੰਘ ਢਿੱਲੋਂ ਦੱਸਦਾ ਹੈ ਕਿ ਅਕਾਲੀ ਦਲ ਵਲੋਂ ਲੜੀ ਜਾਂਦੀ ਹਰ ਚੋਣ ਵੇਲੇ ਉਨ੍ਹਾਂ ਦੇ ਘਰ 20/25 ਵਿਅਕਤੀ ਰੋਜ਼ਾਨਾ ਵਾਂਗ ਆਉਂਦੇ ਸਨ ਤੇ ਮਾਤਾ ਸੁਰਿੰਦਰ ਕੌਰ ਉਨ੍ਹਾਂ ਲਈ ਥੱਬਾ ਭਰ ਰੋਟੀਆਂ ਬਣਾਉਂਦੀ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ | ਉਹ ਭਰ ਜਵਾਨੀ ਵਿਚ ਵਿਧਵਾ ਹੋ ਗਏ ਸਨ, ਪ੍ਰੰਤੂ ਉਨ੍ਹਾਂ ਕਦੇ ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ | ਉਨ੍ਹਾਂ ਕਿਹਾ ਕਿ ਮਾਤਾ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਮੁੜ ਵਿਦੇਸ਼ ਨਹੀਂ ਜਾਣਗੇ |