ਸੀਂਗੋ ਮੰਡੀ, 3 ਦਸੰਬਰ (ਲਕਵਿੰਦਰ ਸ਼ਰਮਾ)-14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੀਆਂ ਸਰਗਰਮੀਆਂ ਪਿੰਡਾਂ 'ਚ ਤੇਜ਼ ਹੋ ਗਈਆਂ ਹਨ, ਹਰ ਇੱਕ ਸਿਆਸੀ ਪਾਰਟੀ ਆਪਣੇ ਵੱਖ-ਵੱਖ ਜ਼ੋਨਾਂ ਤੋਂ ਉਮੀਦਵਾਰ ਐਲਾਨ ਰਹੀ ਹੈ | ਜਿਸ ਤਹਿਤ ਅੱਜ ਕਾਂਗਰਸ ਦੀ ਹਲਕਾ ਸੇਵਾਦਾਰ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਸਥਾਨਕ ਕਸਬੇ ਦੇ ਪਿੰਡਾਂ ਦੇ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਕੀਤਾ ਗਿਆ | ਜਿਸ 'ਚ ਲਗਭਗ ਸਾਰੇ ਜ਼ੋਨਾਂ ਉਮੀਦਵਾਰਾਂ ਦੇ ਨਾਮ 'ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਲਹਿਰੀ ਜੋਨ ਤੋਂ ਚੇਅਰਮੈਨ ਜਗਤਾਰ ਸਿੰਘ ਮੈਨੂੰਆਣਾ ਨੂੰ ਉਮੀਦਵਾਰ ਐਲਾਨ ਕੇ ਪਿੰਡ ਲਹਿਰੀ, ਮੈਨੂੰਆਣਾ ਮਿਰਜੇਆਣਾ ਤੇ ਗਹਿਲੇਵਾਲਾ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਅੱਜ ਤੋਂ ਹੀ ਚੋਣ ਮੁਹਿੰਮ ਨੂੰ ਭਖਾਉਣ ਦੀ ਅਪੀਲ ਕੀਤੀ ਹੈ | ਉਧਰ ਬਹਿਮਣ ਜੋਨ ਤੋਂ ਕਾਂਗਰਸੀ ਉਮੀਦਵਾਰ ਅਮਨਿੰਦਰ ਸਿੰਘ ਰਾਜਾ ਨੂੰ ਉਮੀਦਵਾਰ ਐਲਾਨ ਕੇ ਸੀਗੋ ਮੰਡੀ, ਬਹਿਮਣ ਕੌਰ ਸਿੰਘ ਤੇ ਬਹਿਮਨ ਜੱਸਾ ਸਿੰਘ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਅੱਜ ਤੋਂ ਹੀ ਐਲਾਨੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ | ਗੋਲੇਵਾਲਾ ਜੋਨ ਤੋਂ ਨੰਗਲਾ ਦੇ ਯੂਥ ਆਗੂ ਸੁਖਵੰਤ ਸਿੰਘ ਨੰਗਲਾ ਦੀ ਮਾਤਾ ਗੁਰਮੇਲ ਕੌਰ ਨੂੰ ਉਮੀਦਵਾਰ ਐਲਾਨ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ | ਉਧਰ ਜ਼ਿਲ੍ਹਾ ਪ੍ਰੀਸ਼ਦ ਵਿਚ ਸੀਂਗੋ ਮੰਡੀ ਦੇ ਰਿਜ਼ਰਵ ਸੀਟ ਲਈ ਗੁਰਮੇਲ ਸਿੰਘ ਗੇਲੀ ਸੰਗਤ ਖ਼ੁਰਦ ਨੂੰ ਉਮੀਦਵਾਰ ਐਲਾਨ ਕੇ ਸੀਂਗੋ ਮੰਡੀ ਕਸਬੇ ਦੇ ਸਾਰੇ ਪਿੰਡਾਂ ਦੇ ਵਰਕਰਾਂ ਤੇ ਆਗੂਆਂ ਨੂੰ ਆਪਣਾ ਜ਼ੋਰ ਲਾ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਕਿ੍ਸ਼ਨ ਸਿੰਘ ਭਾਗੀਵਾਂਦਰ, ਦਿਲਪ੍ਰੀਤ ਸਿੰਘ ਜਗ੍ਹਾ ਸਾਬਕਾ ਬਲਾਕ ਪ੍ਰਧਾਨ ਸਮੇਤ ਵੱਖ-ਵੱਖ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਆਗੂ ਮੌਜੂਦ ਸਨ |