ਫ਼ਿਰੋਜ਼ਪੁਰ, 9 ਦਸੰਬਰ (ਗੁਰਿੰਦਰ ਸਿੰਘ)-ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵਲੋਂ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ 60ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਦੇ ਅਥਲੀਟ ਕਰਨਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ ਮਨਜੀਤ ਸਿੰਘ ਰਿਟਾਇਰਡ ਲੈਕਚਰਾਰ ਨੇ ਦੱਸਿਆ ਕਿ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਅਥਲੀਟ ਕਰਨਜੀਤ ਸਿੰਘ ਨੇ 18 ਸਾਲ ਉਮਰ ਵਰਗ ਦੇ 6 ਕਿੱਲੋਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਆਪਣੀ ਝੋਲੀ ਪੁਆਇਆ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੜਕੀਆਂ ਦੇ 16 ਸਾਲ ਉਮਰ ਵਰਗ ਦੇ 2 ਕਿੱਲੋਮੀਟਰ ਦੌੜ ਮੁਕਾਬਲੇ ਵਿਚ ਫ਼ਿਰੋਜ਼ਪੁਰ ਦੀ ਹਰਸਿਮਰਨ ਪ੍ਰੀਤ ਕੌਰ ਨੇ 16ਵੀਂ ਪੁਜ਼ੀਸ਼ਨ ਹਾਸਲ ਕੀਤੀ | ਓਪਨ ਪੰਜਾਬ ਚੈਂਪੀਅਨਸ਼ਿਪ ਵਿਚ ਤਗਮਾ ਜੇਤੂ ਖਿਡਾਰੀਆਂ ਦਾ ਫ਼ਿਰੋਜ਼ਪੁਰ ਪਹੁੰਚਣ 'ਤੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਸਿੰਧੂ, ਸਕੱਤਰ ਮਨਜੀਤ ਸਿੰਘ, ਸਰਬਜੀਤ ਸਿੰਘ (ਬੌਬੀ ਬਾਠ, ਅਕਸ਼ ਕੁਮਾਰ, ਗੁਰਨਾਮ ਸਿੰਘ, ਸਤਨਾਮ ਸਿੰਘ, ਰਵਿੰਦਰ ਵਾਲੀਆ, ਕਮਲ ਫ਼ਿਰੋਜ਼ਸ਼ਾਹ, ਜੀਤ ਸਿੰਘ, ਲੈਕਚਰਾਰ ਗੁਰਬਰਿੰਦਰ ਕੌਰ, ਜਸਬੀਰ ਕੌਰ ਲੈਕਚਰਾਰ, ਮੋਨਿਕਾ, ਡਿੰਪਲ, ਅਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |