ਜ਼ੀਰਾ, 4 ਦਸੰਬਰ (ਹਰਜੀਤ ਸਿੰਘ ਗਿੱਲ)-ਜ਼ੀਰਾ ਦੇ ਪਿੰਡ ਲਹੁਕੇ ਕਲਾਂ ਦੇ ਵਸਨੀਕ ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਬਲਾਕ ਪ੍ਰਧਾਨ ਦਿਹਾਤੀ ਜ਼ੀਰਾ ਨੇ ਆਪਣੇ ਲੜਕੇ ਕਾਰਜ ਸਿੰਘ (ਅਮਰੀਕਾ) ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਆਪਣੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਵਾਇਆ | ਜਿਸ ਵਿਚ ਪੰਥਕ ਪਾਰਟੀਆਂ ਦੇ ਆਗੂਆਂ ਵਲੋਂ ਪੰਥਕ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਵੱਡੀ ਗਿਣਤੀ 'ਚ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਦਾ ਦੇਣ ਦਿੱਤਾ ਨਹੀਂ ਜਾ ਸਕਦਾ, ਜੋ ਕਿ ਪੁਲਿਸ ਅਫਸਰ ਦੀ ਨੌਕਰੀ ਨੂੰ ਠੋਕਰ ਮਾਰ ਕੇ ਸਿੱਖ ਵਿਰੋਧੀ ਸਰਕਾਰਾਂ ਦੇ ਅਨੇਕਾਂ ਜ਼ੁਲਮ ਝੱਲਕੇ ਵੀ ਪੰਥ ਅਤੇ ਪੰਜਾਬ ਦੇ ਹਿਤਾਂ ਦੀ ਗੱਲ ਡਟ ਕੇ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪੰਥ ਦਰਦੀਆਂ ਅਤੇ ਪੰਥਕ ਪਾਰਟੀਆਂ ਨੂੰ ਦਿਲੀ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਚੜ੍ਹਦੀ ਕਲਾ ਵਾਲੇ ਨੌਜਵਾਨ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਤੁਸੀਂ ਹਲਕਾ ਖਡੂਰ ਸਾਹਿਬ ਤੋਂ ਆਪਣਾ ਪਾਰਲੀਮੈਂਟ ਮੈਂਬਰ ਚੁਣਿਆ ਪਰ ਫਿਰ ਵੀ ਨਾ ਤਾਂ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ਚੋਂ ਰਿਹਾਅ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ | ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਅਜੋਕੇ ਸਮੇਂ 'ਚ ਪੰਥ ਅਤੇ ਪੰਜਾਬ ਦੇ ਭਲੇ ਲਈ ਸਮੂਹ ਪੰਥਕ ਪਾਰਟੀਆਂ ਦਾ ਇੱਕਜੁੱਟ ਹੋ ਕੇ ਚੱਲਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਪਾਰਟੀ ਦੇ ਦਿਹਾਤੀ ਬਲਾਕ ਪ੍ਰਧਾਨ ਕੁੰਦਨ ਸਿੰਘ ਵਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਨਵੀਂ ਪਿਰਤ ਹੈ | ਹਰ ਇਕ ਗੁਰਸਿੱਖ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਹਨ | ਇਸ ਮੌਕੇ ਬਾਪੂ ਪ੍ਰਗਟ ਸਿੰਘ ਵਾਹਕਾ ਮੁੱਖ ਬੁਲਾਰਾ ਸ਼ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫਿਰੋਜ਼ਪੁਰ, ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਤਜਿੰਦਰ ਸਿੰਘ ਦਿਉਲ ਸੂਬਾ ਪ੍ਰਧਾਨ ਯੂਥ ਵਿੰਗ ਅਤੇ ਅਮਰਜੀਤ ਸਿੰਘ ਮਠਾੜੂ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਵੀ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਕਿਵੇਂ ਹੋਵੇ ਅਤੇ ਪੰਜਾਬ ਵਿੱਚ ਪੰਥਕ ਸਰਕਾਰ ਕਿਸ ਤਰ੍ਹਾਂ ਲਿਆਂਦੀ ਜਾ ਸਕਦੀ ਹੈ ਬਾਰੇ ਆਪੋ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਕੁੰਦਨ ਸਿੰਘ ਵਲੋਂ ਪੰਥਕ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਮੱਖਣ ਸਿੰਘ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਛੇਵੇਂ ਪਾਤਸ਼ਾਹ ਨਾਲ ਸਬੰਧਿਤ ਇਤਿਹਾਸ 'ਤੇ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਸੁਪਰ ਵਲਟੋਹਾ ਨੇ ਸੁਚੱਜੇ ਢੰਗ ਨਾਲ ਨਿਭਾਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਮੱਲੇਵਾਲਾ, ਹਲਕਾ ਇੰਚਾਰਜ ਲਖਵਿੰਦਰ ਸਿੰਘ ਸੁਪਰ ਵਲਟੋਹਾ, ਜ਼ਿਲ੍ਹਾ ਪ੍ਰਚਾਰ ਸਕੱਤਰ ਯਾਦਵਿੰਦਰ ਸਿੰਘ ਭੁੱਲਰ, ਬੂਟਾ ਸਿੰਘ ਸੇਖੋਂ ਸਰਕਲ ਪ੍ਰਧਾਨ, ਪੂਰਨ ਸਿੰਘ ਧੰਜੂ, ਬਲਕਾਰ ਸਿੰਘ ਜੋਗੇਵਾਲਾ, ਦਵਿੰਦਰ ਸਿੰਘ ਚੁਰੀਆਂ, ਬਾਪੂ ਸੁੱਚਾ ਸਿੰਘ ਭਾਨੇਂਵਾਲੀ, ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਠਾੜੂ, ਰਘਬੀਰ ਸਿੰਘ ਸਨ੍ਹੇਰ, ਅਮਰਜੀਤ ਸਿੰਘ ਸਨ੍ਹੇਰ, ਦਾਰਾ ਸਿੰਘ ਜ਼ੀਰਾ, ਕੁਲਵੰਤ ਸਿੰਘ ਗਾਦੜੀਵਾਲਾ ਅਤੇ ਚਮਕੌਰ ਸਿੰਘ ਮਨਸੂਰ ਵਾਲ ਆਦਿ ਹਾਜ਼ਰ ਸਨ |