ਮੱਖੂ,3 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚੇ ਵਲੋਂ 8 ਦਸੰਬਰ ਨੂੰ ਬਿਜਲੀ ਐਕਟ 2025 ਦੇ ਵਿਰੋਧ ਵਿਚ ਕਾਪੀਆਂ ਸਾੜੀਆਂ ਜਾਣੀਆਂ ਹਨ ਅਤੇ ਸਬ ਡਵੀਜ਼ਨਾਂ ਅੱਗੇ 12 ਵਜੇ ਤੋਂ 3 ਵਜੇ ਤੱਕ ਧਰਨਾ ਦਿੱਤਾ ਜਾਵੇਗਾ | ਉਸ ਲਈ ਸਾਰੇ ਕਿਸਾਨ ਸਾਥੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਆਪਣੇ ਪਿੰਡ ਜਾ ਕੇ ਤਿਆਰੀ ਕੀਤੀ ਜਾਵੇ ਤਾਂ ਜੋ ਕੇਂਦਰ ਸਰਕਾਰ ਨਵਾਂ ਬਿਜਲੀ ਐਕਟ 2025 ਬਣਾਉਣ ਜਾ ਰਹੀ ਹੈ, ਦਾ ਜ਼ਬਰਦਸਤ ਵਿਰੋਧ ਕੀਤਾ ਜਾ ਸਕੇ | ਪੰਜਾਬ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਲਈ ਸਿਰਫ਼ ਫ਼ੋਕੀ ਬਿਆਨਬਾਜ਼ੀ ਤੋਂ ਵੱਧ ਕੁੱਝ ਨਹੀਂ ਕਰ ਰਹੀ | ਇਸ ਲਈ ਇਸ ਧਰਨੇ ਵਿਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ | ਉਨ੍ਹਾਂ ਨੇ ਸਮੂਹ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਇਸ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਮਹਿਲ ਸਿੰਘ ਸੰਧੂ ਇਕਾਈ ਪ੍ਰਧਾਨ ਦੀਨੇ ਕੇ,ਬੂੜ ਸਿੰਘ ਸ਼ਾਹ ਵਾਲਾ,ਜੋਗਾ ਸਿੰਘ ਲਹਿਰਾ, ਗੁਰਦੀਪ ਸਿੰਘ ਸ਼ੀਹਾਂ ਪਾੜੀ ਆਦਿ ਹਾਜ਼ਰ ਸਨ |