ਮਮਦੋਟ, 25 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਆਮ ਲੋਕਾਂ ਵਲੋਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅਕਸਰ ਧਰਨੇ ਲਗਾ ਕੇ ਸੜਕਾਂ ਜਾਮ ਕੀਤੇ ਜਾਣ ਕਾਰਨ ਖੱਜਲ-ਖ਼ੁਆਰ ਹੁੰਦੇ ਰਾਹਗੀਰ ਅਤੇ ਆਮ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਲੋਕ ਧਰਨੇ ਲਗਾ ਕੇ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਦੇ ਹਨ,ਪਰੰਤੂ ਸਚਾਈ ਇਹ ਹੈ ਕਿ ਦਫ਼ਤਰਾਂ ਵਿਚ ਬੈਠੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਕੋਲ ਆਮ ਲੋਕ ਜਿੰਨੀਆਂ ਮਰਜ਼ੀ ਦੁੱਖ ਤਕਲੀਫ਼ਾਂ ਲੈ ਕੇ ਉਹਨਾਂ ਦੇ ਦਫ਼ਤਰਾਂ ਦੇ ਚੱਕਰ ਕੱਟਦੇ ਰਹਿਣ,ਫੋਨ 'ਤੇ ਮੁਸ਼ਕਲਾਂ ਦੱਸਣ ਜਾਂ ਕਿਸੇ ਸਿਆਸੀ ਪਹੁੰਚ ਵਾਲੇ ਵਿਅਕਤੀ ਦਾ ਫੋਨ ਕਰਵਾਉਣ, ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ | ਪਰੰਤੂ ਪੀੜਤ ਲੋਕ ਜਦੋਂ ਧਰਨੇ ਵਾਲਾ ਰਾਹ ਚੁਣਦੇ ਹਨ ਤਾਂ ਫਿਰ ਤੁਰੰਤ ਅਧਿਕਾਰੀ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਧਰਨਾ ਸਥਾਨ 'ਤੇ ਪਹੁੰਚ ਕੇ ਮੁਸ਼ਕਲਾਂ ਦੇ ਹੱਲ ਲਈ ਯਤਨ ਆਰੰਭ ਦਿੰਦੇ ਹਨ | ਕਸਬਾ ਮਮਦੋਟ ਵਿਚ ਵੀ ਸੀਵਰੇਜ ਪਾਉਣ ਵਾਲੇ ਠੇਕੇਦਾਰ ਵਲੋਂ ਪਿਛਲੇ 2 ਸਾਲ ਤੋ ਪੁੱਟ ਕੇ ਸੁੱਟੀਆਂ ਗਈਆਂ ਸੜਕਾਂ ਤੇ ਗਲੀਆਂ ਦੀ ਮੁਰੰਮਤ ਅਤੇ ਗਲੀਆਂ- ਸੜਕਾਂ ਵਿਚ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਲਈ ਨਗਰ ਪੰਚਾਇਤ ਦੇ ਅਧਿਕਾਰੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਸਬੰਧਿਤ ਠੇਕੇਦਾਰ ਸਮੇਤ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਕਈ ਵਾਰ ਮੰਗ ਉਠਾਈ ,ਕਈ ਫੋਨ ਕੀਤੇ ਗਏ, ਵੱਖ-ਵੱਖ ਅਖ਼ਬਾਰਾਂ ਵਲੋਂ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਪਰੰਤੂ ਠੇਕੇਦਾਰ ਜਾਂ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਅਤੇ ਹਲਕਾ ਵਿਧਾਇਕ ਨੇ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ | ਬੀਤੇ ਕੱਲ੍ਹ ਜਦੋਂ ਪੀੜਤ ਲੋਕਾਂ ਵਲੋਂ ਇਕੱਠੇ ਹੋ ਕੇ ਮਮਦੋਟ ਸੁਧਾਰ ਕਮੇਟੀ ਦਾ ਗਠਨ ਕਰਕੇ ਨਗਰ ਪੰਚਾਇਤ ਦੇ ਦਫਤਰ ਅੱਗੇ ਰੋਸ ਧਰਨਾ ਸ਼ੁਰੂ ਕੀਤਾ ਗਿਆ | ਸਾਰਾ ਮੀਡੀਆ ਉੱਥੇ ਪਹੁੰਚ ਗਿਆ ਤਾਂ ਉਸੇ ਵਕਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ, ਸੀਵਰੇਜ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਧਰਨਾ ਸਥਾਨ 'ਤੇ ਪਹੁੰਚ ਗਏ | ਜਿਨ੍ਹਾਂ ਵਲੋਂ ਮੁਸ਼ਕਿਲਾਂ ਦੇ ਨਿਜਾਤ ਲਈ ਤੁਰੰਤ ਕੰਮ ਸ਼ੁਰੂ ਕਰਨ ਦਾ ਲਿਖਤੀ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਗਿਆ | ਜਿਸ ਤੋ ਬਾਅਦ ਕੱਲ੍ਹ ਸ਼ਾਮ ਨੂੰ ਹੀ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਨੂੰ ਸੀਵਰੇਜ ਵਿਚ ਪਾਉਣ ਅਤੇ ਸੜਕਾਂ ਬਣਾਉਣ ਲਈ ਜੇ.ਸੀ.ਬੀ.ਮਸ਼ੀਨਾਂ ਨਾਲ ਕੰਮ ਸ਼ੁਰੂ ਹੋ ਗਿਆ ਅਤੇ ਰਾਤ ਤੱਕ ਸੜਕ 'ਤੇ ਪਾਉਣ ਲਈ ਪੱਥਰ ਦੇ ਟਰੱਕ ਵੀ ਪਹੁੰਚ ਗਏ | ਇਸ ਸਾਰੇ ਵਰਤਾਰੇ ਨੂੰ ਵੇਖ ਕੇ ਲੱਗਦਾ ਹੈ ਕਿ ਅਖ਼ਬਾਰਾਂ ਅਤੇ ਮੀਡੀਆ ਅਦਾਰਿਆਂ ਦੀਆਂ ਖ਼ਬਰਾਂ ਦੇ ਨਾਲ-ਨਾਲ ਧਰਨੇ ਵੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਜ਼ਰੂਰੀ ਹੋ ਗਏ ਹਨ |