ਧਰਮਕੋਟ, 20 ਨਵੰਬਰ (ਪਰਮਜੀਤ ਸਿੰਘ)-ਧਰਮਕੋਟ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਈ ਘਨੱਈਆ ਸੇਵਕ ਜਥਾ ਧਰਮਕੋਟ ਵਲੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਅਰਦਾਸ ਕਰਨ ਉਪਰੰਤ ਰਵਾਨਾ ਕੀਤਾ ਗਿਆ | ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੋਂ ਸਵੇਰੇ 10 ਵਜੇ ਰਵਾਨਾ ਹੋਇਆ | ਇਸ ਮੌਕੇ ਪਾਲਕੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਇਸ ਨਗਰ ਕੀਰਤਨ ਤੇ ਹੈਲੀਕਾਪਟਰ ਰਾਹੀਂ ਫ਼ੁੱਲ ਵਰਸਾਏ ਗਏ | ਨਗਰ ਕੀਰਤਨ ਨੂੰ ਸਭ ਤੋਂ ਪਹਿਲਾਂ ਪੁਲਿਸ ਪਾਰਟੀ ਵਲੋਂ ਸਲਾਮੀ ਦਿੱਤੀ ਗਈ | ਨਗਰ ਕੀਰਤਨ 'ਚ ਜਿੱਥੇ ਸੰਗਤਾਂ ਵਲੋਂ ਥਾਂ-ਥਾਂ 'ਤੇ ਸੁੰਦਰ ਗੇਟ ਬਣਾਏ ਗਏ ਤੇ ਨਾਲ ਹੀ ਲੰਗਰ ਲਾਏ ਗਏ | ਨਗਰ ਕੀਰਤਨ 'ਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆਂ ਹੋਈਆਂ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਤੇ ਸਕੂਲੀ ਬੱਚਿਆਂ ਨੇ ਇਸ ਨਗਰ ਕੀਰਤਨ ਦਾ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ | ਨਗਰ ਕੀਰਤਨ ਵਿੱਚ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਈਆਂ ਕਲਾ ਕਿਰਤੀਆਂ ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਨੇ ਵੀ ਲੋਕਾਂ ਦਾ ਮਨ ਮੋਹਿਆ | ਨਗਰ ਕੀਰਤਨ 'ਚ ਭਾਈ ਗੁਰਸੇਵਕ ਸਿੰਘ ਜੀ ਪ੍ਰੇਮੀ ਕਲਾਨੌਰ ਹਜੂਰੀ ਢਾਡੀ ਸ੍ਰੀ ਅਕਾਲ ਤਖਤ ਸਾਹਿਬ, ਢਾਡੀ ਭਾਈ ਜਗਰੂਪ ਸਿੰਘ ਵਡਾਲਾ ਵਲੋਂ ਹਰ ਸਟੇਜ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਨਗਰ ਕੀਰਤਨ ਵਿਚ ਭਾਈ ਸੇਵਕ ਜਥੇ ਦੇ ਸੇਵਕਾਂ ਤੋਂ ਉਪਰੰਤ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਗੁਰਮੀਤ ਮੁਖੀਜਾ ਸੀਨੀਅਰ 'ਆਪ' ਆਗੂ, ਪਵਨ ਕੁਮਾਰ ਰੇਲੀਆ, ਡਾ. ਗੁਰਮੀਤ ਸਿੰਘ ਗਿੱਲ, ਕਾਂਗਰਸੀ ਆਗੂ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਬਰਜਿੰਦਰ ਸਿੰਘ ਬਰਾੜ ਆਦਿ ਸੰਗਤਾਂ ਹਾਜ਼ਰ ਸਨ | ਨਗਰ ਕੀਰਤਨ ਦੀ ਸਟੇਜ ਦਾ ਸੰਚਾਲਨ ਭਾਈ ਹਰਵਿੰਦਰ ਸਿੰਘ ਜੀ ਪੱਪੂ ਵਲੋਂ ਨਿਭਾਇਆ ਗਿਆ | ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ |