ਧੂਰੀ, 9 ਦਸੰਬਰ (ਲਖਵੀਰ ਸਿੰਘ ਧਾਂਦਰਾ)-ਉਪ ਕਪਤਾਨ ਪੁਲਿਸ ਧੂਰੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਦੀ ਜੜ੍ਹ ਮੁਕਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਤਿੱਖੀ ਕਾਰਵਾਈ ਜਾਰੀ ਹੈ | ਇਸ ਮੁਹਿੰਮ ਦੌਰਾਨ ਸਬ-ਡਿਵੀਜ਼ਨ ਧੂਰੀ ਦੇ ਥਾਣਾ ਸਦਰ ਧੂਰੀ, ਸਿਟੀ ਧੂਰੀ ਅਤੇ ਸ਼ੇਰਪੁਰ ਖੇਤਰਾਂ ਵਿਚ ਨਸ਼ਾ ਤਸਕਰੀ ਵਿਚ ਸ਼ਾਮਲ ਵੱਡੇ-ਛੋਟੇ ਸਮਗਲਰਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਅਤੇ ਆਬਕਾਰੀ ਐਕਟ ਤਹਿਤ 1 ਦਸੰਬਰ ਤੋਂ 7 ਦਸੰਬਰ ਤੱਕ 07 ਮੁਕੱਦਮੇ ਦਰਜ ਕਰ ਕੇ 07 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ ਕਾਰਵਾਈਆਂ ਦੌਰਾਨ ਪੁਲਿਸ ਨੇ 33 ਗ੍ਰਾਮ 39 ਮਿਲੀਗਰਾਮ ਚਿੱਟਾ/ਹੈਰੋਇਨ, 152 ਬੋਤਲਾਂ ਦੇਸੀ ਸ਼ਰਾਬ, 32 ਬੋਰ ਦੀ ਇੱਕ ਪਿਸਤੌਲ ਸਮੇਤ ਮੈਗਜ਼ੀਨ, 1 ਲੱਖ 50 ਹਜ਼ਾਰ ਰੁਪਏ ਨਗਦ, ਸਮਗਲਰ ਪਾਸੋਂ ਇੱਕ ਅਲਟੋ ਕਾਰ ਅਤੇ ਇੱਕ ਨਸ਼ਾ ਕਰਨ ਵਾਲੇ ਵਿਅਕਤੀ ਤੋਂ ਲਾਈਟਰ, ਸਿਲਵਰ ਪੱਨੀ ਅਤੇ ਜਲਿਆ ਨੋਟ ਬਰਾਮਦ ਕੀਤਾ | ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਲੋਕਾਂ ਦਾ ਪੂਰਾ ਸਹਿਯੋਗ ਬੇਹੱਦ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਵੀ ਕੜੀ ਕਾਰਵਾਈ ਜਾਰੀ ਹੈ | ਮੋਟਰ ਵਹੀਕਲ ਐਕਟ ਤਹਿਤ 06 ਵਾਹਨ ਬੰਦ ਕੀਤੇ ਗਏ ਅਤੇ ਵੱਖ-ਵੱਖ ਉਲੰਘਣਾਵਾਂ ਲਈ 124 ਟਰੈਫ਼ਿਕ ਚਲਾਣ ਜਾਰੀ ਕੀਤੇ ਗਏ | ਸਬ-ਡਿਵੀਜ਼ਨ ਧੂਰੀ ਵਿਚ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਧੂਰੀ ਸ਼ਹਿਰ ਅਤੇ ਪਿੰਡਾਂ ਵਿਚ ਦਿਨ-ਰਾਤ ਨਾਕੇ ਲਗਾ ਕੇ ਸੁਰੱਖਿਆ ਅਭਿਆਨ ਮਜ਼ਬੂਤ ਕੀਤਾ ਗਿਆ ਹੈ | ਪੀ.ਸੀ.ਆਰ. ਦੀਆਂ ਡਿਊਟੀਆਂ ਵਿਚ ਵੀ ਵਾਧਾ ਕਰ ਕੇ ਕਾਨੂੰਨ-ਵਿਵਸਥਾ ਹੋਰ ਕੜੀ ਕੀਤੀ ਗਈ ਹੈ | ਇਸ ਹਫ਼ਤੇ ਦੌਰਾਨ ਥਾਣਾ ਸਦਰ ਧੂਰੀ ਅਤੇ ਥਾਣਾ ਸ਼ੇਰਪੁਰ ਪੁਲਿਸ ਨੇ ਪੁਰਾਣੇ ਮੁਕੱਦਮਿਆਂ ਵਿਚ ਫ਼ਰਾਰ ਚੱਲ ਰਹੇ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਨਸ਼ੇ ਦੀ ਲਤ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗੁਪਤ ਸ਼ਨਾਖ਼ਤ ਨੂੰ ਬਰਕਰਾਰ ਰੱਖਦਿਆਂ ਇਸ ਹਫ਼ਤੇ 11 ਵਿਅਕਤੀਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ ਹੈ | ਸਬ ਡਵੀਜ਼ਨ ਧੂਰੀ ਵਿਚ ਨਸ਼ਾ ਤਸਕਰੀ ਤੋਂ ਗ਼ੈਰ-ਕਾਨੰੂਨੀ ਢੰਗ ਨਾਲ ਬਣਾਈ ਗਈ ਜਾਇਦਾਦ ਦੀ ਜਾਂਚ ਵੀ ਜਾਰੀ ਹੈ |