20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭੱਟੀਆਂ ਖ਼ੁਰਦ ਅਨਾਜ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਦਾ ਵਿਵਾਦ <br/>

ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਰਾਹੀਂ ਭੱਟੀਆਂ ਖ਼ੁਰਦ ਅਨਾਜ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਕਰਵਾਉਣ ਦਾ ਵਿਰੋਧ ਕਰਦੇ ਹੋਏ ਆੜ੍ਹਤੀਆਂ, ਟਰੱਕ ਆਪ੍ਰੇਟਰ ਅਤੇ ਕਿਸਾਨ | ਤਸਵੀਰ: ਜਤਿੰਦਰ ਮੰਨਵੀ <br/> 02-11-2025
ਅਮਰਗੜ੍ਹ, 1 ਨਵੰਬਰ (ਜਤਿੰਦਰ ਮੰਨਵੀ)-ਭੱਟੀਆਂ ਖ਼ੁਰਦ ਅਨਾਜ ਮੰਡੀ ਵਿਚ ਪ੍ਰਸ਼ਾਸਨ ਝੋਨੇ ਦੀ ਢੁਆਈ ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਰਾਹੀਂ ਕਰਵਾਉਣਾ ਚਾਹੁੰਦਾ ਹੈ ਜਿਸਦੇ ਵਿਰੋਧ 'ਚ ਆੜ੍ਹਤੀਏ ਤੇ ਕਿਸਾਨਾਂ ਸਮੇਤ ਟਰੱਕ ਅਪਰੇਟਰਾਂ ਨੇ ਮੰਡੀ ਵਿਚ ਇਕੱਠੇ ਹੋਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਭੱਟੀ ਮੰਡੀ ਨੂੰ ਅਮਰਗੜ੍ਹ ਟਰੱਕ ਆਪਰੇਟਰ ਐਸੋਸੀਏਸ਼ਨ ਨਾਲ ਪੱਕੇ ਤੌਰ 'ਤੇ ਜੋੜਨ ਦੀ ਮੰਗ ਕੀਤੀ | ਇਸ ਮੌਕੇ ਆੜ੍ਹਤੀਆ ਭਗਵੰਤ ਸਿੰਘ ਭੱਟੀਆਂ, ਆੜ੍ਹਤੀਆ ਦਰਸ਼ਨ ਸਿੰਘ ਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਫ਼ਸਲ ਦੀ ਢੁਆਈ ਲਈ ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਤੋਂ ਗੱਡੀਆਂ ਭੇਜੀਆਂ ਜਾਂਦੀਆਂ ਸਨ ਤੇ ਉਨ੍ਹਾਂ ਵਲੋਂ ਭੱਟੀਆਂ ਮੰਡੀ ਨੂੰ ਪ੍ਰਾਥਮਿਕਤਾ ਨਾ ਦੇਣ ਕਾਰਨ ਝੋਨੇ ਦੀ ਲਿਫ਼ਟਿੰਗ 'ਚ ਕਾਫ਼ੀ ਦੇਰੀ ਆਉਂਦੀ ਸੀ | ਮਜਬੂਰਨ ਆੜ੍ਹਤੀਆਂ ਨੂੰ ਟਰੈਕਟਰ-ਟਰਾਲੀਆਂ ਨਾਲ ਫ਼ਸਲ ਢੋਣੀ ਪੈਂਦੀ ਸੀ ਤੇ ਉਸ ਦਾ ਕਿਰਾਇਆ ਵੀ ਨਹੀਂ ਮਿਲਦਾ ਸੀ | ਇਸ ਕਾਰਨ ਮੰਡੀ 'ਚ ਤਿਲ ਸੁੱਟਣ ਲਈ ਵੀ ਜਗਾ ਘੱਟ ਪੈਂਦੀ ਸੀ ਤੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਦੇ ਚੱਲਦਿਆਂ ਜ਼ਿਆਦਾਤਰ ਆੜ੍ਹਤੀਆਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਮਹਿਜ਼ ਹੁਣ ਚਾਰ ਆੜ੍ਹਤੀਏ ਹੀ ਮੰਡੀ 'ਚ ਬਚੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਅਮਰਗੜ੍ਹ ਟਰੱਕ ਆਪਰੇਟਰ ਐਸੋਸੀਏਸ਼ਨ ਵਲੋਂ ਝੋਨੇ ਦੀ ਢੁਆਈ ਕੀਤੀ ਜਾ ਰਹੀ ਹੈ, ਜਿਸ ਨਾਲ ਮੰਡੀ 'ਚ ਲਿਫ਼ਟਿੰਗ ਦਾ ਕੰਮ ਤਸੱਲੀਬਖ਼ਸ਼ ਤੇ ਸਮੇਂ 'ਤੇ ਹੋ ਰਿਹਾ ਹੈ | ਫ਼ਸਲ ਦੀ ਸਮੇਂ ਸਿਰ ਚੁਕਾਈ ਹੋਣ ਕਾਰਨ ਕਿਸਾਨ ਵੀ ਖ਼ੁਸ਼ ਹਨ, ਪਰ ਪ੍ਰਸ਼ਾਸਨ ਇਸ ਮੰਡੀ ਵਿਚੋਂ ਮੁੜ ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਰਾਹੀਂ ਝੋਨੇ ਦੀ ਢੁਆਈ ਕਰਵਾਉਣਾ ਚਾਹੁੰਦਾ ਹੈ ਜਦਕਿ ਭੱਟੀਆਂ ਮੰਡੀ ਹੁਣ ਜ਼ਿਲ੍ਹਾ ਮਲੇਰਕੋਟਲਾ ਤੇ ਹਲਕਾ ਅਮਰਗੜ੍ਹ ਦੇ ਅਧੀਨ ਆਉਂਦੀ ਹੈ, ਐਸੀ ਸਥਿਤੀ 'ਚ ਮੰਡੀ ਨੂੰ ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਨਾਲ ਜੋੜਨਾ ਗ਼ੈਰਵਾਜਬ ਤੇ ਸਰਾਸਰ ਗ਼ਲਤ ਹੈ | ਆੜ੍ਹਤੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਬਰਨ ਮੰਡੀ ਨੂੰ ਧੂਰੀ ਟਰੱਕ ਆਪਰੇਟਰ ਐਸੋਸੀਏਸ਼ਨ ਨਾਲ ਜੋੜਨ ਦਾ ਫੈਸਲਾ ਕੀਤਾ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰ ਕੇ ਅਮਰਗੜ੍ਹ ਮੰਡੀ ਦਾ ਰੁੱਖ ਕਰਨਗੇ | ਅਮਰਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ ਨੇ ਦੱਸਿਆ ਕਿ ਅਮਰਗੜ੍ਹ ਤੇ ਭੱਟੀਆਂ ਵਿਚਕਾਰ ਕੇਵਲ 5 ਕਿੱਲੋਮੀਟਰ ਦਾ ਫ਼ਾਸਲਾ ਹੈ, ਜਦਕਿ ਧੂਰੀ 20 ਕਿੱਲੋਮੀਟਰ ਦੂਰ ਹੈ | ਜਦ ਭੱਟੀਆਂ ਮੰਡੀ ਮਾਰਕੀਟ ਕਮੇਟੀ ਅਮਰਗੜ੍ਹ ਦੇ ਅਧੀਨ ਆਉਂਦੀ ਹੈ ਜ਼ਿਲ੍ਹਾ ਮਲੇਰਕੋਟਲਾ ਹੈ ਤਾਂ ਧੂਰੀ ਟਰੱਕ ਐਸੋਸੀਏਸ਼ਨ ਤੋਂ ਝੋਨੇ ਦੀ ਢੁਆਈ ਕਰਵਾਉਣਾ ਦਾ ਪ੍ਰਸ਼ਾਸਨ ਕਿਉ ਦਬਾਅ ਬਣਾ ਰਿਹਾ ਹੈ | ਪ੍ਰਧਾਨ ਜੱਗੀ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਕੀਤੀ ਗਈ ਤਾਂ ਸੜਕਾਂ 'ਤੇ ਸੰਘਰਸ਼ ਹੋਵੇਗਾ | ਪਿੰਡ ਦੀ ਪੰਚਾਇਤ ਤੇ ਕਿਸਾਨਾਂ ਨੇ ਵੀ ਇੱਕਸੁਰ ਵਿਚ ਕਿਹਾ ਕਿ ਮੌਜੂਦਾ ਪ੍ਰਣਾਲੀ ਨਾਲ ਉਹ ਸੰਤੁਸ਼ਟ ਹਨ ਤੇ ਕਿਸੇ ਵੀ ਪ੍ਰਸ਼ਾਸਨਿਕ ਜ਼ਬਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮਾਮਲੇ ਤੇ ਜਦੋਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨਾਲ ਗੱਲਬਾਤ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਬਿਨਾਂ ਜਵਾਬ ਦਿੱਤੇ ਮੁੜ ਫ਼ੋਨ ਕਰਨ ਦਾ ਕਹਿ ਕੇ ਕਾਲ ਕੱਟ ਦਿੱਤੀ | ਪਰ ਬਾਅਦ 'ਚ ਨਾ ਡੀ.ਸੀ. ਵਲੋਂ ਤੇ ਨਾ ਹੀ ਕਿਸੇ ਹੋਰ ਅਧਿਕਾਰੀ ਵਲੋਂ ਕੋਈ ਜਵਾਬ ਸਾਹਮਣੇ ਆਇਆ ਹੈ | ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ, ਨਵਤੇਜ ਸਿੰਘ ਝੱਲ, ਪੰਚ ਹਰਪ੍ਰੀਤ ਸਿੰਘ, ਪੰਚ ਸਨਪ੍ਰੀਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਭਗਵਾਨ ਸਿੰਘ ਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਚਲਾਇਆ ਜਾ ਰਿਹਾ ਹੈ ਵਿਸ਼ੇਸ਼ ਚੈਕਿੰਗ ਅਭਿਆਨ <br/> ਅਗਲੀ ਖ਼ਬਰ ਦਾਜ-ਦਹੇਜ ਮੰਗਣ ਅਤੇ ਧੋਖਾਧੜੀ ਦੇ ਮਾਮਲੇ ਵਿਚ ਸੱਸ-ਸਹੁਰਾ ਸਮੇਤ ਤਿੰਨ ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।