03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੱਕਰੀਆਂ ਦਾ ਫਾਰਮ ਬਣਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

ਅਜੀਤ ਡੈਸਕ 03-09-2025
ਲੌਂਗੋਵਾਲ, 2 ਸਤੰਬਰ (ਵਿਨੋਦ ਸ਼ਰਮਾ) - ਅੱਜ ਦੇ ਜ਼ਮਾਨੇ ਵਿਚ ਕਿਸ ਤਰਾਂ ਲੋਕ ਛੱਲ ਕਪਟ ਨਾਲ ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰ ਰਹੇ ਹਨ ਇਸ ਦੀ ਤਾਜਾਂ ਉਦਾਹਰਨ ਕਸਬਾ ਲੌਂਗੋਵਾਲ ਦੇ ਵਾਸੀ ਹਾਕਮ ਸਿੰਘ ਪੁੱਤਰ ਮੇਲਾ ਸਿੰਘ ਨਾਲ ਇੱਕ ਸ਼ਖ਼ਸ ਵਲੋਂ ਮਾਰੀ ਗਈ ਠੱਗੀ ਤੋਂ ਮਿਲਦੀ ਹੈ | ਅੱਜ ਹਾਕਮ ਸਿੰਘ ਨੇ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਜਿਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਜਸਵਿੰਦਰ ਸੋਮਾ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਪਿੰਡੀ ਕੈਬੋਵਾਲ ਦੇ ਸਰਪੰਚ ਦਰਸ਼ਨ ਸਿੰਘ ਨੂੰ ਨਾਲ ਲੈ ਕੇ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਦੇ ਦਫ਼ਤਰ ਦਰਖ਼ਾਸਤ ਦਿੱਤੀ ਹੈ | ਹਾਕਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਿਸ ਤਰਾਂ ਇੱਕ ਵਿਅਕਤੀ ਜੋ ਪਟਿਆਲਾ ਤੋਂ ਲੌਂਗੋਵਾਲ ਇਲਾਕੇ ਵਿਚ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰ ਕੇ ਲੋਕਾਂ ਵਿਚ ਵਿਚਰਦਾ ਹੈ ਅਤੇ ਸਭ ਲੋਕਾਂ ਨੂੰ ਬਿਮਾਰੀਆਂ ਦੀ ਦਵਾਈ ਦੇਣ ਨਾਲ ਬੱਕਰੀਆਂ ਦੇ ਫਾਰਮ ਖੋਲ੍ਹਣ ਦੇ ਕਿੱਤੇ ਨੂੰ ਅਪਣਾ ਕੇ ਵਪਾਰ ਕਰਨ ਲਈ ਵੀ ਪ੍ਰੇਰਤ ਕਰਦਾ ਸੀ | ਪਿਛਲੇ ਕਈ ਸਾਲਾਂ ਤੋਂ ਉਹ ਇਲਾਕੇ ਵਿਚ ਵਿਚਰਦਾ ਰਿਹਾ ਤੇ ਮੇਰਾ ਭਰੋਸਾ ਜਿੱਤਣ ਵਿਚ ਕਾਮਯਾਬ ਹੋ ਕੇ ਮੈਨੂੰ ਬੱਕਰੀਆਂ ਦਾ ਫਾਰਮ ਖੋਲ੍ਹਣ ਲਈ ਰਾਜ਼ੀ ਕਰ ਲਿਆ | ਇਸ ਤਰਾਂ ਉਸ ਨੇ ਮੇਰੇ ਤੋਂ ਡੇਢ ਲੱਖ ਨਕਦ ਅਤੇ ਕੁੱਲ 30 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫ਼ਰ ਕਰਵਾ ਲਏ | ਬੱਕਰੀਆਂ ਦੇ ਫਾਰਮ ਬਣਾਉਣ ਲਈ ਉਸ ਵਲੋਂ ਜਦੋਂ ਕੋਈ ਦਿਲਚਸਪੀ ਨਾ ਦਿਖਾਈ ਦਿੱਤੀ ਅਤੇ ਮੇਰਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਗਿਆ | ਮੈਨੂੰ ਇਸ ਵਿਅਕਤੀ 'ਤੇ ਸ਼ੱਕ ਪੈਣ ਲੱਗਾ ਤਾਂ ਮੋਹਤਵਰ ਵਿਅਕਤੀ ਦਰਸ਼ਨ ਸਿੰਘ ਸਰਪੰਚ ਪਿੰਡੀ ਕੈਬੋਵਾਲ ਨੂੰ ਨਾਲ ਲੈ ਕੇ ਮੈ ਉਸ ਦੇ ਦਿੱਤੇ ਪਤੇ 'ਤੇ ਮਿਲਣ ਗਿਆ ਪਰ ਉਹ ਨਹੀਂ ਮਿਲਿਆ | ਫ਼ੋਨ 'ਤੇ ਤਾਲਮੇਲ ਕਰਨ ਤੇ ਉਸ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕੇ ਮੈਂ ਤੇਰੇ ਨਾਲ ਠੱਗੀ ਮਾਰਨੀ ਸੀ ਮਾਰ ਲਈ ਹੁਣ ਜੋ ਤੇਰੇ ਤੋਂ ਬਣਦਾ ਉਹ ਕਰ ਲੈ | ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਸਾਡੇ ਪਿੱਛੇ ਫਿਰਦੇ ਰਹਿੰਦੇ ਨੇ | ਇਹ ਸੁਣ ਕੇ ਮੇਰੇ ਪੈਰਾਂ ਹੇਠਲੀ ਜ਼ਮੀਨ ਨਿਕਲ ਗਈ | ਬੱਕਰੀਆਂ ਦਾ ਫਾਰਮ ਬਣਾਉਣ ਦੇ ਸੁਪਨੇ ਵਿਚ ਮੇਰੀ ਆਪਣੀ ਕਿਰਤ ਦੀ ਕਮਾਈ ਚਲੀ ਗਈ | ਹਾਕਮ ਸਿੰਘ ਨੇ ਵੱਖ-ਵੱਖ ਜਥੇਬੰਦੀਆਂ ਦੇ ਡੈਪੂਟੇਸ਼ਨ ਦੀ ਨੁਮਾਇੰਦਗੀ ਵਿਚ ਉਕਤ ਵਿਅਕਤੀ ਤੇ ਕਾਨੰੂਨੀ ਕਾਰਵਾਈ ਕਰਨ ਦੀ ਦਰਖ਼ਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ, ਕੁਲਵਿੰਦਰ ਸੋਨੀ, ਅਮਰ ਸਿੰਘ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਕੇਵਲ ਸਿੰਘ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।