ਬਾਘਾ ਪੁਰਾਣਾ, 4 ਦਸੰਬਰ (ਟਿੰਕੂ ਕਾਠਪਾਲ)-ਡਾ. ਪ੍ਰਦੀਪ ਕੁਮਾਰ ਮਹਿੰਦਰਾ ਸਿਵਲ ਸਰਜਨ ਮੋਗਾ ਦੇ ਨਿਰਦੇਸ਼ਾਂ ਅਨੁਸਾਰ ਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰੀਸ਼ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਡਾ. ਹਰੀਸ਼ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਏਡਜ਼ ਦੇ ਲੱਛਣ, ਕਾਰਣ, ਰੋਕਥਾਮ ਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਏਡਜ਼ ਬਾਰੇ ਅਜੇ ਵੀ ਕਈ ਗ਼ਲਤ ਫ਼ਹਿਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਜਾਗਰੂਕਤਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਤੇ ਸੁਰੱਖਿਅਤ ਵਰਤਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਜਿੰਦਰ ਕੌਰ ਨੇ ਏਡਜ਼ ਦੇ ਫੈਲਾਅ ਦੇ ਤਰੀਕਿਆਂ, ਸਾਵਧਾਨੀਆਂ ਤੇ ਰੋਕਥਾਮ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਸਮਾਗਮ ਨੂੰ ਸਫ਼ਲ ਬਣਾਉਣ ਲਈ ਸਕੂਲ ਪਿ੍ੰਸੀਪਲ ਸ਼੍ਰੀਮਤੀ ਪੁਸ਼ਵਿੰਦਰ ਕੌਰ ਸਮੇਤ ਸਾਰੇ ਸਟਾਫ਼ ਮੈਂਬਰਾਂ ਨੇ ਅਹਿਮ ਯੋਗਦਾਨ ਦਿੱਤਾ | ਵਿਦਿਆਰਥੀਆਂ ਵਲੋਂ ਏਡਜ਼ ਜਾਗਰੂਕਤਾ ਸੰਬੰਧੀ ਪੋਸਟਰ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ |