ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਵਿਚ ਹੋ ਰਹੀਆਂ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਆਪਣੇ ਉਮੀਦਵਾਰ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ | ਇਨ੍ਹਾਂ ਚੋਣਾਂ ਨੂੰ ਲੈ ਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ 4 ਉਮੀਦਵਾਰਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਮੋਗਾ ਦੇ ਏ.ਡੀ.ਸੀ. ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਰੇ ਉਮੀਦਵਾਰ ਕੜਾਹੇ ਵਾਲਾ ਤੋਂ ਹਰਜੀਤ ਕੌਰ ਪਤਨੀ ਗੁਰਲਾਭ ਸਿੰਘ ਮਸਤੇ ਵਾਲਾ, ਗਲੋਟੀ ਤੋਂ ਰਣਜੀਤ ਸਿੰਘ ਪੁੱਤਰ ਨਿਰਮਲ ਸਿੰਘ ਖੋਸਾ ਰਣਧੀਰ, ਜਲਾਲਾਬਾਦ ਪੂਰਬੀ ਤੋਂ ਹਰਿੰਦਰਪਾਲ ਕੌਰ ਪਤਨੀ ਹਰਦੀਪ ਸਿੰਘ ਪੰਡੋਰੀ ਅਰਾਈਆਂ ਅਤੇ ਮਹਿਣਾ ਤੋਂ ਰਵਿੰਦਰਪਾਲ ਸਿੰਘ ਰਵੀ ਪੁੱਤਰ ਦਰਸ਼ਨ ਸਿੰਘ ਫ਼ਤਿਹਗੜ੍ਹ ਕੋਰੋਟਾਣਾ ਨੇ ਆਪਣੇ ਨਾਮਜ਼ਦਗੀ ਪੱਤਰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਦਾਖਲ ਕੀਤੇ | ਇਸ ਮੌਕੇ ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੇ ਕਿਹਾ ਕਿ ਇਸ ਵਾਰ ਇਤਿਹਾਸ ਦੇ ਵਿਚ ਪਹਿਲੀ ਵਾਰ ਹੈ ਕਿ ਮੋਗਾ ਜ਼ਿਲ੍ਹਾ ਖ਼ਾਸ ਕਰਕੇ ਧਰਮਕੋਟ ਹਲਕੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸ਼ਾਂਤੀ ਤੇ ਸਾਫ਼ ਸੁਥਰੇ ਪ੍ਰਬੰਧਾਂ ਹੇਠ ਹੋ ਰਹੇ ਹਨ | ਹਲਕਾ ਧਰਮਕੋਟ ਦੇ ਵਿਚ ਚਾਰ ਜ਼ਿਲ੍ਹਾ ਪ੍ਰੀਸ਼ਦ ਪੈਂਦੀਆਂ ਹਨ ਤੇ 34 ਬਲਾਕ ਸੰਮਤੀਆਂ ਦੀਆਂ ਚੋਣਾਂ ਹਨ | ਅਸੀਂ ਚਾਰੋ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਹਨ, ਅੱਜ ਉਨ੍ਹਾਂ ਦੀਆਂ ਨਾਮਜ਼ਦਗੀਆਂ ਭਰੀਆਂ ਹਨ ਤੇ 34 ਬਲਾਕ ਸੰਮਤੀਆਂ ਦੇ ਕਾਗ਼ਜ਼ ਧਰਮਕੋਟ ਦੇ ਵਿਖੇ ਭਰੇ ਜਾਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ |