27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਾਕਿ 'ਚ ਭਾਰੀ ਉਤਸ਼ਾਹ ਨਾਲ ਮਨਾਈ ਗਈ ਦੀਵਾਲੀ

ਅਜੀਤ ਡੈਸਕ 22-10-2025

* ਰੌਸ਼ਨੀਆਂ ਨਾਲ ਕੀਤੀ ਗਈ ਸਜਾਵਟ, ਸਿੰਧ 'ਚ ਰਹੀ ਸਰਕਾਰੀ ਛੁੱਟੀ * ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੰਡੇ ਹਿੰਦੂ ਪਰਿਵਾਰਾਂ ਨੂੰ 90 ਲੱਖ ਦੇ ਚੈੱਕ
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ, ਲਾਹੌਰ, ਗੁੱਜਰਾਂਵਾਲਾ, ਰਾਵਲਪਿੰਡੀ, ਮੁਲਤਾਨ, ਨਾਰੋਵਾਲ, ਹਸਨ ਅਬਦਾਲ, ਰਹੀਮ ਯਾਰ ਖ਼ਾਨ ਅਤੇ ਸਿਆਲਕੋਟ ਆਦਿ ਸ਼ਹਿਰਾਂ ਸਮੇਤ ਸੂਬਾ ਸਿੰਧ ਦੇ ਕਰਾਚੀ, ਹੈਦਰਾਬਾਦ, ਮੀਰਪੁਰ ਖ਼ਾਸ, ਗੋਟਕੀ, ਕਸ਼ਮੋਰ, ਸ਼ਿਕਾਰਪੁਰ, ਹੈਦਰਾਬਾਦ ਤੇ ਹੋਰਨਾਂ ਸ਼ਹਿਰਾਂ 'ਚ ਦੀਵਾਲੀ ਧੂਮਧਾਮ ਅਤੇ ਭਾਰੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਦੀਪਮਾਲਾ ਕਰਕੇ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ। ਰਹੀਮ ਯਾਰ ਖ਼ਾਨ ਜ਼ਿਲ੍ਹੇ 'ਚ ਦੀਵਾਲੀ ਸਮਾਗਮ ਦੌਰਾਨ ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਜ਼ਿਲ੍ਹੇ ਦੇ 600 ਹਿੰਦੂ ਪਰਿਵਾਰਾਂ ਨੂੰ ਕੁੱਲ 90 ਲੱਖ ਰੁਪਏ ਦੇ ਚੈੱਕ ਵੰਡੇ। ਉਨ੍ਹਾਂ ਨੇ ਦੀਵਾਲੀ ਦੇ ਦੀਵੇ ਜਗਾਏ ਅਤੇ ਕੇਕ ਵੀ ਕੱਟਿਆ। ਅਰੋੜਾ ਨੇ ਕਿਹਾ ਕਿ ਲਹਿੰਦੇ ਪੰਜਾਬ 'ਚ 53 ਮੰਦਰਾਂ, ਚਰਚਾਂ, ਗੁਰਦੁਆਰਿਆਂ ਅਤੇ ਹੋਰ ਘੱਟ ਗਿਣਤੀ ਧਾਰਮਿਕ ਸਥਾਨਾਂ ਦੀ ਉਸਾਰੀ, ਮੁਰੰਮਤ ਅਤੇ ਨਵੀਨੀਕਰਨ ਸ਼ੁਰੂ ਕੀਤਾ ਗਿਆ ਹੈ। ਕਰਾਚੀ 'ਚ ਮੁੱਖ ਦੀਵਾਲੀ ਸਮਾਗਮ ਗਵਰਨਰ ਹਾਊਸ ਵਿਖੇ ਹੋਇਆ, ਜਿਥੇ ਸਿੰਧ ਦੇ ਗਵਰਨਰ ਕਾਮਰਾਨ ਟੈਸੋਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਗਵਰਨਰ ਹਾਊਸ 'ਚ ਬੱਚਿਆਂ ਨੇ ਆਤਿਸ਼ਬਾਜ਼ੀ ਚਲਾਈ ਅਤੇ ਔਰਤਾਂ ਵਲੋਂ ਮਹਿੰਦੀ ਲਗਾਉਣ ਦੇ ਸਟਾਲ ਲਗਾਏ ਗਏ। ਇਸ ਤੋਂ ਇਲਾਵਾ ਕਰਾਚੀ ਪ੍ਰੈੱਸ ਕਲੱਬ ਅਤੇ ਹੋਰ ਦਰਜਨਾਂ ਥਾਵਾਂ 'ਤੇ ਦੀਵਾਲੀ ਮਨਾਈ ਗਈ। ਜਰਮਨ ਕੌਂਸਲੇਟ ਜਨਰਲ ਕਰਾਚੀ ਦੇ ਅਧਿਕਾਰੀਆਂ ਨੇ ਵੀ ਪਾਕਿਸਤਾਨੀ ਹਿੰਦੂ ਸਿੱਖਾਂ ਦੇ ਨਾਲ ਮਿਲ ਕੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਈ ਅਤੇ ਭਾਈਚਾਰੇ ਨੂੰ ਤਿਉਹਾਰ ਦੀ ਵਧਾਈ ਦਿੱਤੀ। ਲਾਹੌਰ ਦੀ ਰਾਵੀ ਰੋਡ ਸਥਿਤ ਕ੍ਰਿਸ਼ਨਾ ਮੰਦਰ 'ਚ ਮਨਾਏ ਗਏ ਦੀਵਾਲੀ ਸਮਾਰੋਹ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀ ਨਾਸਿਰ ਮੁਸ਼ਤਾਕ ਸਮੇਤ ਹਿੰਦੂ, ਮੁਸਲਿਮ, ਈਸਾਈ, ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਮੌਕੇ ਸੂਬਾ ਸਿੰਧ ਦੇ ਹਿੰਦੂਆਂ ਲਈ ਸੂਬਾ ਸਰਕਾਰ ਵਲੋਂ ਸਰਕਾਰੀ ਦੋ ਦਿਨ ਲਈ ਛੁੱਟੀ ਰੱਖੀ ਗਈ। ਦੀਵਾਲੀ ਤਿਉਹਾਰ ਮੌਕੇ ਕਰਾਚੀ ਦੇ ਸ੍ਰੀ ਸਵਾਮੀ ਨਰਾਇਣ ਮੰਦਰ 'ਚ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਭਾਰੀ ਸਜਾਵਟ ਕੀਤੇ ਜਾਣ ਦੇ ਨਾਲ-ਨਾਲ ਦੇਰ ਰਾਤ ਤਕ ਆਤਿਸ਼ਬਾਜ਼ੀ ਵੀ ਚਲਾਈ ਗਈ। ਇਸ ਤੋਂ ਇਲਾਵਾ ਕਰਾਚੀ ਦੀ ਆਬਾਦੀ ਹਿੰਦੂਵਾੜਾ ਅਤੇ ਕਲਿਫਟਨ ਤੇ ਪੰਚਮੁਖੀ ਹਨੂਮਾਨ, ਵਰੁਨ ਦੇਵਤਾ ਤੇ ਗੁਫ਼ਾ ਵਾਲਾ ਮੰਦਰ ਵਿਚ ਵੀ ਦੀਵਾਲੀ 'ਤੇ ਵਿਸ਼ੇਸ਼ ਰੌਣਕਾਂ ਰਹੀਆਂ। ਇਸ ਮੌਕੇ ਹਿੰਦੂ ਭਾਈਚਾਰੇ ਦੀਆਂ ਔਰਤਾਂ ਤੇ ਪੁਰਸ਼ਾਂ ਵਲੋਂ ਰਿਵਾਇਤੀ ਨਾਚ ਵੀ ਕੀਤੇ ਗਏ। ਇਸ ਤੋਂ ਇਲਾਵਾ ਸੱਖਰ ਦੇ ਸਾਧੂ ਬੇਲਾ ਮੰਦਰ ਅਤੇ ਹੈਦਰਾਬਾਦ ਸ਼ਹਿਰ ਦੇ ਪ੍ਰਾਚੀਨ ਮੰਦਰਾਂ 'ਚ ਦੀਵਾਲੀ ਮੌਕੇ ਸਰਕਾਰੀ ਪੱਧਰ 'ਤੇ ਸਮਾਗਮ ਕਰਵਾਏ ਗਏ। ਇਸੇ ਤਰ੍ਹਾਂ ਸੂਬਾ ਪੰਜਾਬ ਦੇ ਸ਼ਹਿਰਾਂ ਰਾਵਲਪਿੰਡੀ, ਚੱਕਵਾਲ ਤੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਦੇ ਮੰਦਰਾਂ 'ਚ ਦੀਵਾਲ਼ੀ ਧੂਮਧਾਮ ਨਾਲ ਮਨਾਈ ਗਈ।

ਪਿਛਲੀ ਖ਼ਬਰ ਮੁੰਬਈ ਵਿਖੇ ਧੁਆਂਖੀ ਧੁੰਦ ਦੌਰਾਨ ਅਗਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।