ਪੀੜਤਾ ਨੇ ਹਾਈ ਕੋਰਟ ਤੋਂ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
ਚੰਡੀਗੜ੍ਹ, 21 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਪੁਲਿਸ ਦੇ ਮੁਅੱਤਲ ਏ.ਆਈ.ਜੀ. ਆਸ਼ੀਸ਼ ਕਪੂਰ ਵਲੋਂ ਪੁਲਿਸ ਥਾਣੇ 'ਚ ਇਕ ਔਰਤ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਪੀੜਤਾ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਆਪਣੀ ਪਟੀਸ਼ਨ 'ਚ ਔਰਤ ਨੇ ਪੂਰੀ ਘਟਨਾ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨਿਰਪੱਖ ਜਾਂਚ ਨਹੀਂ ਕਰ ਰਹੀ ਹੈ ਅਤੇ ਕਈ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪੀੜਤਾ ਦਾ ਕਹਿਣਾ ਹੈ ਕਿ ਐਫ਼.ਆਈ.ਆਰ 'ਚ ਸਿਰਫ਼ ਏ.ਆਈ.ਜੀ. ਆਸ਼ੀਸ਼ ਕਪੂਰ ਦਾ ਨਾਂਅ ਹੀ ਸ਼ਾਮਲ ਸੀ, ਜਦੋਂਕਿ ਵੀਡੀਓ ਅਤੇ ਫੋਰੈਂਸਿਕ ਸਬੂਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਘਟਨਾ ਦੌਰਾਨ ਘੱਟੋ-ਘੱਟ ਚਾਰ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ, ਜੋ ਨਾ ਸਿਰਫ਼ ਘਟਨਾ ਸਥਾਨ 'ਤੇ ਮੌਜੂਦ ਸਨ, ਸਗੋਂ ਉਸ 'ਤੇ ਪੈਸੇ ਦੇਣ ਲਈ ਦਬਾਅ ਵੀ ਪਾ ਰਹੇ ਸਨ | ਔਰਤ ਦਾ ਦੋਸ਼ ਹੈ ਕਿ ਉਸ ਨੂੰ ਝੂਠੇ ਕੇਸ 'ਚ ਫ਼ਸਾਇਆ ਗਿਆ ਅਤੇ ਉਸ ਤੋਂ ਰਿਸ਼ਵਤ ਮੰਗੀ ਗਈ ਅਤੇ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਅਤੇ ਏ.ਆਈ.ਜੀ. ਕਪੂਰ ਨੇ ਕਈ ਪੁਲਿਸ ਵਾਲਿਆਂ ਦੀ ਮੌਜੂਦਗੀ 'ਚ ਉਸ ਦੀ ਕੁੱਟਮਾਰ ਕੀਤੀ | ਇਹ ਵੀਡੀਓ 2023 'ਚ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਬਹੁਤ ਗੰਭੀਰ ਮਾਮਲਾ ਮੰਨਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਐਫ਼.ਆਈ.ਆਰ. ਦਰਜ਼ ਕਰਨ ਦਾ ਹੁਕਮ ਦਿੱਤਾ |
ਪੁਲਿਸ ਥਾਣੇ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਮੁਅੱਤਲ ਏ.ਆਈ.ਜੀ. ਆਸ਼ੀਸ਼ ਕਪੂਰ ਫ਼ਿਰ ਵਿਵਾਦਾਂ 'ਚ
ਅਜੀਤ ਡੈਸਕ
22-10-2025