28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸਰਕਾਰ ਦੀ ਬੇਪਰਵਾਹੀ ਤੋਂ ਨਾਰਾਜ਼ ਵੈਟਰਨਰੀ ਡਾਕਟਰਾਂ ਵਲੋਂ ਵਿਭਾਗੀ ਰਿਪੋਰਟਿੰਗ ਰੋਕੀ

ਅਜੀਤ ਡੈਸਕ 26-11-2025
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਣ ਵਿਭਾਗ ਦੀ ਰੋਜ਼ਾਨਾ ਰਿਪੋਰਟਿੰਗ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ ਵੈਟਸ ਫ਼ੋਰ ਪੇ-ਪੈਰਟੀ (ਜੇ.ਏ.ਸੀ.) ਦੀ ਰਾਜ ਪੱਧਰੀ ਮੀਟਿੰਗ ਵਿਚ ਲਿਆ ਗਿਆ, ਜਿਸ ਵਿਚ ਸਾਰੇ ਜ਼ਿਲਿ੍ਹਆਂ ਤੋਂ ਨੁਮਾਇੰਦਿਆਂ ਨੇ ਹਿੱਸਾ ਲਿਆ | ਜੇ.ਏ.ਸੀ. ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ 1977 ਤੋਂ ਮੈਡੀਕਲ ਡਾਕਟਰਾਂ ਨਾਲ ਚੱਲ ਰਹੀ ਪੇ-ਪੈਰਟੀ ਨੂੰ ਸਰਕਾਰ ਨੇ ਖ਼ਤਮ ਕਰਕੇ ਵੈਟਰਨਰੀ ਅਧਿਕਾਰੀਆਂ ਦੀ ਸ਼ੁਰੂਆਤੀ ਤਨਖ਼ਾਹ 56,100 ਰੁਪਏ ਤੋਂ ਘਟਾ ਕੇ 47,600 ਰੁਪਏ ਕਰ ਦਿੱਤੀ ਹੈ | ਇਨ੍ਹਾਂ ਤੋਂ ਇਲਾਵਾ ਸਰਕਾਰ ਨੇ ਡਾਇਨਾਮਿਕ ਐਸ਼ੋਰਡ ਕਰੀਅਰ ਪ੍ਰੋਗ੍ਰੈਸ਼ਨ (ਡੀ.ਏ.ਸੀ.ਪੀ.) ਸਕੀਮ ਲਾਗੂ ਨਹੀਂ ਕੀਤੀ ਤੇ ਜੁਆਇੰਟ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਮੈਡੀਕਲ ਤੇ ਵੈਟਰਨਰੀ ਡਾਕਟਰਾਂ ਨੂੰ ਐੱਨ.ਪੀ.ਏ. 'ਤੇ ਐੱਚ.ਆਰ.ਏ. ਨਹੀਂ ਦਿੱਤਾ ਜਾ ਰਿਹਾ | ਪ੍ਰੋਬੇਸ਼ਨ ਦੌਰਾਨ ਵੀ ਪੂਰੀ ਤਨਖ਼ਾਹ ਨਹੀਂ ਮਿਲ ਰਹੀ | ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਵੈਟਰਨਰੀ ਡਾਕਟਰ ਪਿਛਲੇ ਲਗਪਗ ਪੰਜ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਵੀ ਪਿਛਲੀ ਸਰਕਾਰ ਦੀਆਂ ਕੀਤੀਆਂ ਗ਼ਲਤੀਆਂ ਠੀਕ ਨਹੀਂ ਕਰ ਸਕੀ | ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਵਿਦੇਸ਼ਾਂ 'ਚ ਸੇਵਾ ਕਰ ਰਹੇ ਵੈਟਰਨਰੀ ਡਾਕਟਰਾਂ ਦੀ ਵਿਧਾਨ ਸਭਾ 'ਚ ਪ੍ਰਸ਼ੰਸਾ ਕੀਤੀ, ਜਦਕਿ ਆਪਣੇ ਹੀ ਰਾਜ ਦੇ ਵੈਟਰਨਰੀ ਡਾਕਟਰਾਂ ਨਾਲ ਵਿਤਕਰੇ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ | ਸਰਕਾਰ ਨੂੰ ਪੰਜਾਬ ਦੇ ਵੈਟਰਨਰੀ ਡਾਕਟਰਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ | ਸਹਿ-ਕਨਵੀਨਰ ਡਾ. ਪੁਨੀਤ ਮਲਹੋਤਰਾ ਤੇ ਡਾ. ਅਬਦੁਲ ਮਜੀਦ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਦੌਰਾਨ ਵੈਟਰਨਰੀ ਡਾਕਟਰਾਂ ਨੇ ਸੰਘਰਸ਼ ਨੂੰ ਰੋਕ ਕੇ ਪਸ਼ੂਆਂ ਨੂੰ ਬਚਾਉਣ ਲਈ ਦਿਨ-ਰਾਤ ਸੇਵਾ ਕੀਤੀ ਤੇ ਕਿਸੇ ਵੀ ਬਿਮਾਰੀ ਨੂੰ ਪਸ਼ੂਆਂ ਵਿਚ ਜਾਂ ਪਸ਼ੂ ਤੋਂ ਮਨੁੱਖ ਵਿਚ ਫ਼ੈਲਣ ਨਹੀਂ ਦਿੱਤਾ | ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਧਿਆਨ ਨਹੀਂ ਦਿੱਤਾ | ਇਸ ਲਈ 21 ਨਵੰਬਰ ਤੋਂ ਵਿਭਾਗੀ ਰਿਪੋਰਟਿੰਗ ਰੋਕਣ ਦਾ ਏਕੇ ਨਾਲ ਫ਼ੈਸਲਾ ਕੀਤਾ ਗਿਆ ਹੈ ਤੇ ਇਸ ਬਾਰੇ ਯਾਦਗਾਰੀ ਪੱਤਰ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਪਹਿਲਾਂ ਹੀ ਸੁਪੁਰਦ ਕੀਤਾ ਜਾ ਚੁੱਕਾ ਹੈ | ਚੀਫ਼ ਮੀਡੀਆ ਐਡਵਾਈਜ਼ਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਹੁਣ ਵੀ ਮੰਗਾਂ ਨੂੰ ਲਾਗੂ ਨਹੀਂ ਕਰਦੀ, ਤਾਂ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ | ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਦੀ ਜਥੇਬੰਦੀ ਵਲੋਂ ਵੀ ਡਿਪਟੀ ਡਾਇਰੈਕਟਰ ਡਾ. ਗੁਰਦਿੱਤ ਸਿੰਘ ਔਲਖ ਨੂੰ ਯਾਦ ਪੱਤਰ ਦਿੱਤਾ ਗਿਆ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀ ਨੇ ਜਿੱਤਿਆ ਕਾਂਸੀ ਦਾ ਤਗਮਾ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਨੱਕ, ਕੰਨ ਤੇ ਗਲੇ ਦੇ ਰੋਗਾਂ ਸੰਬੰਧੀ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।