28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਇਕ ਨਜ਼ਰ ਇੱਧਰ ਵੀ..ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕੋਟਸੁਖੀਆ ਸੜਕ 'ਤੇ ਬਣਿਆ ਸੇਮਨਾਲੇ ਦਾ ਪੁਲ਼ • ਕਈ ਵਾਪਰ ਚੁੱਕੀਆਂ ਹਨ ਘਟਨਾਵਾਂ!

ਅਜੀਤ ਡੈਸਕ 26-11-2025
ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਕੋਟਸੁਖੀਆ ਨੇੜੇ ਲੰਘਦੇ ਸੇਮਨਾਲੇ ਦਾ ਪੁਲ਼ ਟੇਢਾ, ਤੰਗ ਤੇ ਐਂਗਲ ਆਇਰਨ (ਵਾੜ) ਤੋਂ ਸੱਖਣਾ ਹੋਣ ਕਾਰਨ ਇਸ ਉਪਰ ਕਿਸੇ ਸਮੇਂ ਵੀ ਕੋਈ ਭਿਆਨਕ ਸੜਕ ਹਾਦਸਾ ਵਾਪਰ ਸਕਦਾ ਹੈ | ਇਸ ਪੁਲ ਦੀਆਂ ਐਂਗਲ ਆਇਰਨਾਂ ਪੁਰਾਣੀਆਂ ਹੋਣ ਕਾਰਨ ਥਾਂ ਥਾਂ ਤੋਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਇਹ ਪੁਲ ਆਵਾਜਾਈ ਪੱਖੋਂ ਅਸੁਰੱਖਿਅਤ ਬਣ ਗਿਆ ਹੈ | ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਇੱਥੋਂ ਲੰਘਣ ਵਾਲੇ ਹੈਵੀ ਵਾਹਨਾਂ ਨੇ ਬਾਕੀ ਬਚਦੀਆਂ ਐਂਗਲ ਆਇਰਨਾਂ ਤੋੜ ਦਿੱਤੀਆਂ ਹਨ, ਜਿਸ ਕਾਰਨ ਇਹ ਪੁਲ਼ ਇਕ ਪਾਸੇ ਤੋਂ ਘੋਨਾ ਹੋ ਗਿਆ ਹੈ | ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪੁਲ਼ ਦੇ ਨਿਰਮਾਣ ਉਪਰੰਤ ਵਿਭਾਗ ਵਲੋਂ ਇਸ ਦੀ ਸਾਂਭ-ਸੰਭਾਲ ਉਪਰ ਧੇਲਾ ਵੀ ਨਾ ਖ਼ਰਚੇ ਜਾਣ ਕਾਰਨ ਇਹ ਆਪਣਾ ਅਸਲ ਵਜੂਦ ਗੁਆ ਚੁੱਕਾ ਹੈ | ਪਿਛਲੇ ਸਮੇਂ ਦੌਰਾਨ ਇਸ ਪੁਲ਼ ਉਪਰ ਕਈ ਛੋਟੇ-ਛੋਟੇ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਖ਼ੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ | ਭੂਗੋਲਿਕ ਪੱਖ ਤੋਂ ਇਹ ਪੁਲ਼ ਕੋਟਸੁਖੀਆ-ਕੋਟਕਪੂਰਾ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਉਪਰ ਪੈਂਦਾ ਹੋਣ ਕਾਰਨ ਇਸ ਉਪਰ ਸਾਰਾ ਦਿਨ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ | ਕੋਟਕਪੂਰਾ ਵਪਾਰਕ ਪੱਖੋਂ ਵੱਡਾ ਸ਼ਹਿਰ ਹੋਣ ਕਾਰਨ ਕੋਟਸੁਖੀਆ, ਬੱਗੇਆਣਾ, ਧੂੜਕੋਟ, ਗਿੱਲ, ਭਲੂਰ, ਢੁੱਡੀ ਸਮੇਤ ਅਨੇਕਾਂ ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਆਵਾਜਾਈ ਕਰਦੇ ਹਨ | ਇਸ ਤੋਂ ਇਲਾਵਾ ਨਾਮਵਰ ਸਿੱਖਿਆ ਅਦਾਰਿਆਂ ਦੀਆਂ ਬੱਸਾਂ ਵੀ ਇਸ ਰਸਤੇ ਤੋਂ ਆਮ ਲੰਘਦੀਆਂ ਹਨ | ਇਵੇਂ ਹੀ ਕੋਟਸੁਖੀਆ-ਕੋਟਕਪੂਰਾ ਦਰਮਿਆਨ ਕਈ ਮਿੰਨੀ ਬੱਸਾਂ ਚੱਲਦੀਆਂ ਹਨ, ਉਨ੍ਹਾਂ ਦੀ ਵੀ ਇਹੀ ਮੁੱਖ ਰਸਤਾ ਹੈ | ਸਵੇਰੇ ਸਵੱਖਤੇ ਤੋਂ ਲੈ ਕੇ ਦੇਰ ਰਾਤ ਤੱਕ ਇਸ ਪੁਲ ਰਾਹੀਂ ਲੋਕ ਆਵਾਜਾਈ ਕਰਦੇ ਹਨ ਪਰ ਇਸ ਸਮੇਂ ਇਸ ਦੀ ਮਾੜੀ ਹਾਲਤ ਹੋਣ ਕਾਰਨ ਹਨੇਰੇ-ਸਵੇਰੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਤਕਨੀਕੀ ਪੱਖ ਤੋਂ ਸੜਕ ਦੇ ਹਿਸਾਬ ਨਾਲ ਇਹ ਪੁਲ਼ ਟੇਢਾ ਬਣਿਆ ਹੋਇਆ ਹੈ | ਸੜਕ ਦੀ ਚੌੜਾਈ ਦੇ ਹਿਸਾਬ ਨਾਲ ਇਸ ਦੀ ਚੌੜਾਈ ਵੀ ਘੱਟ ਹੈ | ਅਕਸਰ ਹੀ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਵਾਹਨਾਂ ਵਾਲਿਆਂ ਨੂੰ ਇਸ ਸਥਾਨ 'ਤੇ ਆ ਕੇ ਆਪਣੇ ਵਾਹਨਾਂ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ | ਪਿੰਡ ਦੇ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ, ਕੁਲਦੀਪ ਸਿੰਘ ਢਿੱਲੋਂ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਪਾਸੋਂ ਮੰਗ ਕੀਤੀ ਹੈ ਕਿ ਆਉਂਦੇ ਦਿਨਾਂ 'ਚ ਪੈਣ ਵਾਲੀ ਧੁੰਦ ਦੀ ਸੰਭਾਵਨਾ ਦੇ ਮੱਦੇਨਜ਼ਰ ਉਪਰੋਕਤ ਪੁਲ਼ ਦੀਆਂ ਐਂਗਲ ਆਇਰਨਾਂ ਠੀਕ ਕੀਤੀਆਂ ਜਾਣ ਤਾਂ ਜੋ ਕੋਈ ਭਿਆਨਕ ਹਾਦਸਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਪੱਕਾ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪੁਲਿਸ ਵਲੋਂ 9 ਦੋਸ਼ੀ 4 ਨਾਜਾਇਜ਼ ਦੇਸੀ ਪਿਸਟਲਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।