30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖੇਤੀਬਾੜੀ ਵਿਭਾਗ ਵਲੋਂ ਫ਼ਸਲਾਂ 'ਚੋਂ ਪਾਣੀ ਦੀ ਨਿਕਾਸੀ ਸੰਬੰਧੀ ਕਿਸਾਨਾਂ ਨੂੰ ਅਪੀਲ <br/>

ਅਜੀਤ ਡੈਸਕ 03-09-2025
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਰਣਜੀਤ ਸਿੰਘ ਢਿੱਲੋਂ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਰਕੇ ਸਾਰੇ ਜ਼ਿਲ੍ਹੇ ਅੰਦਰ ਖ਼ਾਸ ਕਰਕੇ ਬਲਾਕ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਵਿਚ ਫ਼ਸਲਾਂ 'ਚ ਤਕਰੀਬਨ 16,000 ਏਕੜ ਰਕਬੇ ਵਿਚ ਪਾਣੀ ਖੜ੍ਹ ਗਿਆ ਹੈ | ਇਸ ਸੰਬੰਧੀ ਜ਼ਿਲ੍ਹਾ ਤੇ ਬਲਾਕ ਖੇਤੀਬਾੜੀ ਮਾਹਿਰਾਂ ਵਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਫ਼ੀਲਡ 'ਚ ਨਿਰੀਖਣ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰਭਾਵਿਤ ਰਕਬੇ 'ਚੋਂ ਅੱਜ ਤੱਕ ਤਕਰੀਬਨ 10,550 ਏਕੜ ਰਕਬੇ ਵਿਚ ਪਾਣੀ ਖੜ੍ਹ ਗਿਆ ਸੀ, ਜਿਸ ਵਿਚ ਅੰਦਾਜ਼ਨ 8,190 ਏਕੜ ਝੋਨਾ/ਬਾਸਮਤੀ ਅਤੇ 2,360 ਏਕੜ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ | ਇਸ ਸੰਬੰਧੀ ਵਿਭਾਗ ਵਲੋਂ ਪਾਣੀ ਦੀ ਨਿਕਾਸੀ ਲਈ ਕਿਸਾਨਾਂ ਨਾਲ ਲਗਾਤਾਰ ਸੰਪਰਕ ਰੱਖਿਆ ਹੋਇਆ ਹੈ ਅਤੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ | ਉਨ੍ਹਾਂ ਫ਼ੀਲਡ ਦਾ ਸਰਵੇ ਕਰਦਿਆਂ ਇਹ ਵੀ ਦੱਸਿਆ ਕਿ ਜੇਕਰ ਝੋਨੇ ਤੇ ਬਾਸਮਤੀ ਵਿਚੋਂ ਪਾਣੀ ਦੀ ਨਿਕਾਸੀ ਜਲਦੀ ਹੋ ਜਾਂਦੀ ਹੈ ਤਾਂ ਉਸ ਦਾ ਝਾੜ 'ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ, ਪ੍ਰੰਤੂ ਜੇਕਰ ਨਰਮੇ ਦੀ ਫ਼ਸਲ ਵਿਚ 1-2 ਦਿਨ ਹੋਰ ਪਾਣੀ ਖੜ੍ਹਾ ਰਹਿ ਜਾਂਦਾ ਹੈ ਤਾਂ ਇਸ ਦਾ ਨਰਮੇ ਦੀ ਫ਼ਸਲ 'ਤੇ ਬੁਰਾ ਪ੍ਰਭਾਵ ਪਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਬਾਰਿਸ਼ ਤੋਂ ਬਾਅਦ ਨਰਮੇ ਦੇ ਬੂਟੇ ਮਰਝਾ ਰਹੇ ਹੋਣ ਤਾਂ ਖੇਤੀਬਾੜੀ ਵਿਭਾਗ ਦੇ ਬਲਾਕ/ਸਰਕਲ ਦਫ਼ਤਰਾਂ ਪਾਸੋਂ ਕੋਬਾਲਟ ਕਲੋਰਾਈਡ ਦਵਾਈ ਲੈ ਕੇ ਤੁਰੰਤ ਇਸ ਦਾ ਛਿੜਕਾਅ ਕੀਤਾ ਜਾਵੇ | ਡਾ. ਗਿੱਲ ਨੇ ਦੱਸਿਆ ਕਿ ਇਸ ਸਮੇਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਕਿਸਾਨਾਂ ਵਲੋਂ ਆਪਣੇ ਪੱਧਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਲਗਾਤਾਰ ਫ਼ਸਲਾਂ ਵਿਚੋਂ ਪਾਣੀ ਡਰੇਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਫ਼ਸਲਾਂ ਦਾ ਸਰਵੇ ਕਰਕੇ ਖ਼ਰਾਬੇ ਸੰਬੰਧੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਜਾਵੇਗੀ ਅਤੇ ਨਾਲ-ਨਾਲ ਪੰਜਾਬ ਸਰਕਾਰ ਪਾਸ ਵੀ ਇਹ ਰਿਪੋਰਟ ਭੇਜ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਅੱਖਾਂ ਦਾਨ ਪੰਦ੍ਹਰਵਾੜੇ ਸੰਬੰਧੀ ਜਾਗਰੂਕਤਾ ਪੋਸਟਰ ਜਾਰੀ <br/> ਅਗਲੀ ਖ਼ਬਰ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।