ਡਰੇਨਾਂ ਦੀ ਮੁਕੰਮਲ ਸਫ਼ਾਈ ਨਾ ਹੋਣ ਕਾਰਨ ਥਾਂ-ਥਾਂ ਫ਼ਸੀ ਕੇਲੀ ਬਣ ਰਹੀ ਪਾਣੀ ਦੇ ਵਹਾਅ 'ਚ ਰੁਕਾਵਟ
ਸੇਮ ਨਾਲੇ ਦੇ ਪੁਲ 'ਚ ਖੁਦ ਫ਼ਸੀ ਕੇਲੀ ਕਢਵਾਉਂਦੇ ਹੋਏ ਕਿਸਾਨ ਅਤੇ ਪਿੰਡ ਦੀਪ ਸਿੰਘ ਵਾਲਾ ਦੇ ਖੇਤਾਂ 'ਚ ਵੜੇ ਸੇਮ ਨਾਲੇ ਦੇ ਪਾਣੀ ਸੰਬੰਧੀ ਜਾਣਕਾਰੀ ਦਿੰਦਾ ਕਿਸਾਨ | ਤਸਵੀਰਾਂ: ਗੁਰਭੇਜ ਸਿੰਘ ਚੌਹਾਨ
<br/>
01-09-2025
ਸਾਦਿਕ, 31 ਅਗਸਤ (ਗੁਰਭੇਜ ਸਿੰਘ ਚੌਹਾਨ)-ਇਸ ਵਾਰ ਮੌਸਮ ਸਬੰਧੀ ਹੋ ਰਹੀਆਂ ਪੇਸ਼ੀਨਗੋਈਆਂ ਵਿਚ ਪਹਿਲਾਂ ਤੋਂ ਹੀ ਅਲਰਟ ਕੀਤਾ ਗਿਆ ਸੀ ਕਿ ਇਸ ਵਾਰ ਬਾਰਿਸ਼ਾਂ ਜ਼ਿਆਦਾ ਹੋਣਗੀਆਂ ਅਤੇ ਲੰਮਾਂ ਸਮਾਂ ਚੱਲਣਗੀਆਂ | ਜਿਸ ਕਾਰਨ ਹੜ੍ਹਾਂ ਦੀ ਸੰਭਾਵਨਾਂ ਤਾਂ ਹੋਣੀ ਯਕੀਨੀ ਹੀ ਸੀ, ਪਰ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਨੇ ਇਸ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰਦਿਆਂ ਕਿਤੇ ਵੀ ਡਰੇਨਾਂ ਦੀ ਮੁਕੰਮਲ ਸਫ਼ਾਈ ਨਹੀਂ ਕੀਤੀ | ਡਰੇਨਾਂ ਦੀ ਮੁਕੰਮਲ ਸਫ਼ਾਈ ਨਾ ਹੋਣ ਨੂੰ ਲੈ ਕੇ ਰੋਜ਼ਾਨਾ ਹੀ ਸ਼ੋਸ਼ਲ ਮੀਡੀਆ 'ਤੇ ਕਿਸਾਨ ਪੋਸਟਾਂ ਪਾ ਕੇ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਉਂਦੇ ਹਨ ਅਤੇ ਪ੍ਰਸ਼ਾਸਨ ਦੇ ਪੋਲ ਖੋਲ੍ਹ ਰਹੇ ਹਨ | ਡਰੇਨਾਂ ਵਿਚ ਥਾਂ ਥਾਂ ਕੇਲੀ ਨੇ ਜਾੜ ਮਾਰਿਆ ਹੋਇਆ ਹੈ ਜਿਸ ਕਾਰਨ ਪਾਣੀ ਦਾ ਵਹਾਅ ਨਹੀਂ ਹੋ ਰਿਹਾ | ਡਰੇਨਾਂ ਦੇ ਪੁਲਾਂ ਵਿਚ ਫਸੀ ਕੇਲੀ ਨੂੰ ਕਿਸਾਨ ਖੁਦ ਜੇ ਸੀ ਬੀ ਜਾਂ ਪੋਕਲੈਨ ਨਾਲ ਪੱਲਿਉਂ ਪੈਸੇ ਖਰਚ ਕਰਕੇ ਬਾਹਰ ਕਢਵਾ ਰਹੇ ਹਨ ਤਾਂ ਜੋ ਡਰੇਨ ਦਾ ਪਾਣੀ ਨਾ ਰੁਕੇ | ਕਈ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਪ੍ਰਸ਼ਾਸਨ ਨੇ ਵੀ ਪੋਕਲੈਨਾਂ ਭੇਜ ਕੇ ਡਰੇਨਾਂ 'ਚੋਂ ਜ਼ਿਆਦਾ ਰੁਕਾਵਟ ਵਾਲੇ ਥਾਵਾਂ ਤੋਂ ਪਾਣੀ ਦਾ ਵਹਾਅ ਚਾਲੂ ਕੀਤਾ ਹੈ | ਜੇ ਸਾਦਿਕ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ 'ਚੋਂ ਲੰਘਦੇ ਸਾਰੇ ਸੇਮਨਾਲਿਆਂ ਦਾ ਹਾਲ ਵੀ ਮਾੜਾ ਹੈ ਅਤੇ ਕਈ ਸਾਲਾਂ ਤੋਂ ਹੀ ਇਨ੍ਹਾਂ ਦੀ ਮੁਕੰਮਲ ਸਫ਼ਾਈ ਨਹੀਂ ਹੋਈ | ਜਿਸ ਕਰਕੇ ਇਹ ਨਾਲੇ ਜ਼ਿਆਦਾ ਬਾਰਿਸ਼ 'ਚ ਪਾਣੀ ਵਧਣ ਨਾਲ ਇਨ੍ਹਾਂ ਵਿਚੋਂ ਪਾਣੀ ਉੱਛਲਕੇ ਖੇਤਾਂ ਵਿਚ ਭਰਕੇ ਫ਼ਸਲਾਂ ਦਾ ਨੁਕਸਾਨ ਕਰਦਾ ਹੈ | ਪਿੰਡ ਦੀਪ ਸਿੰਘ ਵਾਲਾ ਲਾਗਿਉਂ ਲੰਘਦੇ ਸੇਮਨਾਲੇ ਦਾ ਪਾਣੀ ਖੇਤਾਂ ਵਿਚ ਦੂਰ ਦੂਰ ਤੱਕ ਫ਼ੈਲ ਗਿਆ ਹੈ ਅਤੇ ਇਸ ਨਾਲ ਦੀਪ ਸਿੰਘ ਵਾਲਾ ਤੋਂ ਮਿਸ਼ਰੀ ਵਾਲਾ, ਕੋਰ ਸਿੰਘ ਵਾਲਾ ਨੂੰ ਮਿਲਾਉਣ ਵਾਲੀ ਸੜਕ ਵੀ ਪਾਣੀ ਦੀ ਮਾਰ ਹੇਠ ਆ ਗਈ ਹੈ ਅਤੇ ਅਵਾਜਾਈ ਬੰਦ ਹੋ ਗਈ ਹੈ | ਭਾਵੇਂ ਸੇਮਨਾਲਿਆਂ ਦੀ ਸਫਾਈ ਨਾ ਕਰਨ ਦਾ ਕਾਰਨ ਫ਼ੰਡਾਂ ਦੀ ਕਮੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਅਦਾ ਕਰਦੇ ਹਨ | ਕਿਸਾਨਾਂ ਦੀਆਂ ਫ਼ਸਲਾਂ ਦੀ ਖਰੀਦ ਵੇਚ ਤੋਂ ਵੀ ਸਰਕਾਰ ਨੂੰ ਟੈਕਸ ਪ੍ਰਾਪਤ ਹੁੰਦਾ ਹੈ ਪਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਕੋਲ ਫ਼ੰਡ ਕਿਉਂ ਨਹੀਂ | ਪਿੰਡ ਪਿੰਡੀ ਬਲੋਚਾਂ ਦੇ ਕਿਸਾਨਾਂ ਵਲੋਂ ਖੁਦ ਪਾਈਪਾਂ ਨੱਪਕੇ ਸੇਮ ਨਾਲੇ ਉੱਪਰ ਦੀ ਲੰਘਣ ਲਈ ਰਸਤਾ ਚਾਲੂ ਕੀਤਾ ਗਿਆ ਹੈ ਜੋ ਸੇਮਨਾਲੇ ਦੇ ਨਵੇਂ ਪੁਲ ਦੀ ਉਸਾਰੀ ਕਾਰਨ ਪਿੱਛੋਂ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਗਿਆ ਸੀ ਅਤੇ ਅਕਸਰ ਇਹ ਸੇਮਨਾਲਾ ਉੱਛਲਕੇ ਇਸ ਲਾਗਲੇ ਪਿੰਡਾਂ ਦਾ ਨੁਕਸਾਨ ਕਰਦਾ ਹੈ | ਹਰ ਪਾਸੇ ਲੋਕ ਆਪਣੀ ਮਦਦ ਆਪ ਹੀ ਕਰਦੇ ਨਜ਼ਰ ਆ ਰਹੇ ਹਨ |