01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਘਣੀ ਧੁੰਦ 'ਚ ਸੜਕਾਂ 'ਤੇ ਚਿੱਟੀਆਂ ਪੱਟੀਆਂ ਦਾ ਨਾ ਹੋਣਾ ਹਾਦਸਿਆਂ ਨੂੰ ਦੇ ਰਿਹੈ ਸੱਦਾ

ਅਜੀਤ ਡੈਸਕ 30-12-2025
ਪਟਿਆਲਾ, 29 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੋਹ ਦੇ ਮਹੀਨੇ ਵਿਚ ਪੈ ਰਹੀ ਅੰਤਾਂ ਦੀ ਠੰਢ ਤੇ ਧੁੰਦ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਸਵੇਰ ਤੇ ਸ਼ਾਮ ਨੂੰ ਸਫ਼ਰ ਕਰਨ ਵਾਲੇ ਰਾਹਗੀਰਾਂ ਲਈ ਇਹ ਇਕ ਵੱਡੀ ਸਮੱਸਿਆ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਹੀ ਹੈ | ਜ਼ਿਲ੍ਹੇ ਨੂੰ ਆਉਣ ਵਾਲੀਆਂ ਪ੍ਰਮੁੱਖ ਸਮਾਣਾ, ਸੰਗਰੂਰ, ਨਾਭਾ, ਸਰਹਿੰਦ, ਭਾਦਸੋਂ ਤੇ ਦੇਵੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਇਹ ਧੁੰਦ ਦੇ ਮੌਸਮ 'ਚ ਜਿੱਥੇ ਰਾਹਗੀਰਾਂ ਲਈ ਦੁਰਘਟਨਾਵਾਂ ਦਾ ਕਾਰਨ ਬਣਨ 'ਚ ਅਹਿਮ ਯੋਗਦਾਨ ਪਾ ਰਹੀਆਂ ਹਨ, ਉੱਥੇ ਹੀ ਪੀ. ਡਬਲਿਊ. ਡੀ. ਵਿਭਾਗ ਦੀ ਅਣਦੇਖੀ ਅਤੇ ਸਮੇਂ ਤੋਂ ਪਹਿਲਾਂ ਸੜਕਾਂ ਦੀ ਤਿਆਰੀ ਨਾ ਕਰਨ ਕਾਰਨ ਹੁਣ ਰਾਹਗੀਰਾਂ ਨੂੰ ਆਪਣੇ ਜਾਨ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਸੀਲੇ ਘੜਨੇ ਪੈ ਰਹੇ ਹਨ | ਧੁੰਦ ਦੇ ਮੌਸਮ ਦੌਰਾਨ ਵਿਭਾਗ ਨੂੰ ਜਿੱਥੇ ਨਵੀਆਂ ਸੜਕਾਂ ਬਣਾਉਣ ਦੀ ਜਾਗੀ ਹੈ ਉੱਥੇ ਹੀ ਥਾਂ-ਥਾਂ 'ਤੇ ਪਏ ਰੋੜੇ-ਵੱਟੇ ਰਾਹਗੀਰ ਲਈ ਖ਼ਤਰਾ ਬਣ ਰਹੇ ਹਨ | ਬੇਸ਼ੱਕ ਵਿਭਾਗ ਦੇ ਅਧਿਕਾਰੀਆਂ ਵਲੋਂ ਨਵੀਂ ਸੜਕ ਬਣਾਉਣ ਦਾ ਕਹਿ ਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ, ਪਰ ਦੂਜੇ ਪਾਸੇ ਵਿਭਾਗ ਦੀ ਕੰੁਭਕਰਨੀ ਨੀਂਦ ਜਿੱਥੇ ਕਿਤੇ ਦਸੰਬਰ ਦੇ ਮਹੀਨੇ ਤੋਂ ਪਹਿਲਾਂ ਖੁੱਲ੍ਹਣੀ ਚਾਹੀਦੀ ਸੀ, ਉੱਥੇ ਹੀ ਧੁੰਦ ਕਾਰਨ ਪੈਦਾ ਹੋਈ ਕਿਸੇ ਘਟਨਾ ਤੋਂ ਬਚਾਉਣ ਲਈ ਸੰਕੇਤਿਕ ਚਿੰਨ੍ਹ, ਸੜਕਾਂ ਦੀ ਆਲੇ ਦੁਆਲੇ ਦੀ ਸਫ਼ਾਈ, ਸੜਕ 'ਤੇ ਚਿੱਟੀਆਂ ਪੱਟੀਆਂ ਨੂੰ ਦਰੁਸਤ ਕਰਨ ਦਾ ਕੰਮ ਵੀ ਵਿਭਾਗ ਵਲੋਂ ਕਰਨਾ ਬਣਦਾ ਸੀ | ਹੁਣ ਹਾਲਾਤ ਇਹ ਹਨ ਕਿ ਲੰਘੀ ਰਾਤ ਸਰਹਿੰਦ ਰੋਡ 'ਤੇ ਲੋਕਾਂ ਨੂੰ ਧੁੰਦ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਉਣ ਲਈ ਨੌਜਵਾਨਾਂ ਦੇ ਇਕ ਸਮੂਹ ਵਲੋਂ ਖ਼ੁਦ ਸੜਕ 'ਤੇ ਖੜ੍ਹ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸੜਕ 'ਤੇ ਪਏ ਖੰਭਿਆਂ ਨੂੰ ਹਟਾਉਣ ਲਈ ਵਿਭਾਗ ਨੂੰ ਅਪੀਲ ਵੀ ਕੀਤੀ ਜਦੋਂ ਕਿ ਫੇਰ ਵੀ ਵਿਭਾਗ ਦੇ ਕੰਨੀਂ ਜੂੰ ਨਹੀਂ ਸਰਕੀ | ਇਸੇ ਤਰ੍ਹਾਂ ਸੰਗਰੂਰ ਰੋਡ (ਭਾਖੜਾ ਨਹਿਰ ਤੋਂ ਬਾਈਪਾਸ ਤੱਕ), ਸਮਾਣਾ ਰੋਡ, ਨਾਭਾ ਰੋਡ, ਦੇਵੀਗੜ੍ਹ ਰੋਡ ਦੀਆਂ ਸੜਕਾਂ ਦੇ ਆਲੇ ਦੁਆਲੇ ਅਤੇ ਵਿਚਕਾਰ ਚਿੱਟੀਆਂ ਪੱਟੀਆਂ ਕਈ ਥਾਵਾਂ ਤੋਂ ਗ਼ਾਇਬ ਅਤੇ ਕਈ ਥਾਵਾਂ 'ਤੇ ਸਾਫ਼ ਨਾ ਹੋਣ ਕਾਰਨ ਰਾਹਗੀਰਾਂ ਲਈ ਵੱਡੀ ਸਮੱਸਿਆ ਪੈਦਾ ਕਰਨ ਦੇ ਨਾਲ-ਨਾਲ ਦੁਰਘਟਨਾਵਾਂ ਨੂੰ ਸੱਦਾ ਦੇ ਰਹੀਆਂ ਹਨ | ਇਸ ਵਿਭਾਗ ਦੀ ਨਾਕਾਮੀ ਇਹ ਵੀ ਹੈ ਕਿ ਸੜਕਾਂ ਦੇ ਆਲੇ-ਦੁਆਲੇ ਦੀਆਂ ਪੱਟੀਆਂ ਨੂੰ ਜਿੱਥੇ ਕਿਤੇ ਧੁੰਦ ਦੇ ਮੌਸਮ ਤੋਂ ਪਹਿਲਾਂ ਦਰੁਸਤ ਕਰਨਾ ਬਣਦਾ ਸੀ ਉੱਥੇ ਹੀ ਸੰਕੇਤਿਕ ਚਿੰਨ੍ਹਾਂ ਤੇ ਸੜਕਾਂ ਦੇ ਆਲੇ ਦੁਆਲੇ ਉੱਗੀਆਂ ਝਾੜੀਆਂ ਨੂੰ ਵੀ ਪਰ੍ਹਾਂ ਹਟਾ ਕੇ ਸੜਕਾਂ ਨੂੰ ਚੌੜਾ ਕਰਨ ਦੀ ਜ਼ਰੂਰਤ ਸੀ | ਇਸ ਸਾਲ ਦੀਆਂ ਸਮਾਣਾ ਤੇ ਸਰਹਿੰਦ ਰੋਡ 'ਤੇ ਵਾਪਰੇ ਵੱਡੇ ਹਾਦਸਿਆਂ ਤੋਂ ਬਾਅਦ ਵੀ ਪੀ. ਡਬਲਿਊ. ਡੀ. ਮਹਿਕਮੇ ਵਲੋਂ ਕੋਈ ਵੀ ਪੁਖ਼ਤਾ ਕਦਮ ਨਹੀਂ ਚੁੱਕੇ ਗਏ | ਸਰਹਿੰਦ ਰੋਡ 'ਤੇ ਜਾਣ ਵਾਲੇ ਹਰ ਰਾਹਗੀਰ ਦੀ ਘਰ ਪਹੁੰਚਣ ਤੱਕ ਜਿੱਥੇ ਜਾਨ ਅੜਿੱਕੇ 'ਚ ਰਹਿੰਦੀ ਹੈ ਉੱਥੇ ਹੀ ਸੜਕ ਦੇ ਵਿਚਕਾਰ ਡਿਵਾਈਡਰ ਨਾ ਹੋਣ ਕਾਰਨ ਸਾਹਮਣੇ ਆਉਣ ਵਾਲੇ ਖ਼ਤਰੇ ਦਾ ਡਰ ਬਣਿਆ ਰਹਿੰਦਾ ਹੈ | ਸ਼ਹਿਰ ਤੋਂ ਬਾਹਰ ਨਿਕਲਦੀਆਂ ਬਹੁਤੀਆਂ ਪ੍ਰਮੁੱਖ ਸੜਕਾਂ ਦੇ ਆਲੇ ਦੁਆਲੇ ਅਤੇ ਵਿਚਕਾਰ ਦੀਆਂ ਚਿੱਟੀਆਂ ਪੱਟੀਆਂ ਦਾ ਗ਼ਾਇਬ ਹੋਣਾ ਜਿੱਥੇ ਰਾਹਗੀਰਾਂ ਨੂੰ ਧੁੰਦ ਦੇ ਮੌਸਮ 'ਚ ਸੜਕ ਦੇ ਦੂਜੇ ਪਾਸੇ ਲੈ ਜਾਂਦਾ ਹੈ ਉੱਥੇ ਹੀ ਸਾਹਮਣੇ ਤੋਂ ਆ ਰਹੀ ਟਰੈਫ਼ਿਕ ਕਾਰਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਬਣ ਸਕਦਾ ਹੈ |
ਕੀ ਕਹਿੰਦੇ ਨੇ ਅਧਿਕਾਰੀ-
ਇਸ ਸੰਬੰਧੀ ਪੀ. ਡਬਲਿਊ. ਡੀ. ਵਿਭਾਗ ਦੇ ਵੱਖ-ਵੱਖ ਸੜਕਾਂ ਦੀ ਦੇਖ-ਰੇਖ ਕਰਨ ਵਾਲੇ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਾਲੇ ਜ਼ਿਲ੍ਹੇ ਨੂੰ ਆਉਂਦੀਆਂ ਬਹੁਤੀਆਂ ਸੜਕਾਂ ਦੀ ਮੁਰੰਮਤ ਸ਼ੁਰੂ ਨਹੀਂ ਕੀਤੀ ਗਈ ਅਤੇ ਕਈ ਥਾਵਾਂ 'ਤੇ ਟੈਂਡਰ ਲਗਾਉਣੇ ਰਹਿੰਦੇ ਹਨ, ਇਸ ਤੋਂ ਇਲਾਵਾ ਕੁੱਝ ਸੜਕਾਂ ਮੁਰੰਮਤ ਅਧੀਨ ਹਨ ਅਤੇ ਮੁਰੰਮਤ ਪੂਰੀ ਹੋਣ ਤੋਂ ਬਾਅਦ ਹੀ ਚਿੱਟੀਆਂ ਪੱਟੀਆਂ ਪਾਉਣ ਦਾ ਕੰਮ ਹੋਵੇਗਾ |
ਪਿਛਲੀ ਖ਼ਬਰ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਸਮਾਣਾ ਸ਼ਹਿਰ ਦੀ ਨਵੀਂ ਵਾਰਡਬੰਦੀ ਤੋਂ ਸ਼ਹਿਰ ਵਾਸੀਆਂ 'ਚ ਵਿਆਪਕ ਰੋਸ, ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।