ਪਟਿਆਲਾ, 3 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ਼ ਸਾਰਥਿਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 11ਵੇਂ ਨੋਰਾ ਰਿਚਰਡ ਥੀਏਟਰ ਫ਼ੈਸਟੀਵਲ ਦੀ ਸ਼ੁਰੂਆਤ ਕਾਮਤਾ ਨਾਥ ਦੀ ਕਹਾਣੀ 'ਤੇ ਆਧਾਰਿਤ ਨਾਟਕ 'ਪੀੜ੍ਹੀ ਦਰ ਪੀੜ੍ਹੀ' ਨਾਲ ਹੋਈ | ਜਿਸ ਨੂੰ ਪੰਜਾਬੀ ਰੰਗਮੰਚ ਅਤੇ ਫ਼ਿਲਮੀ ਕਲਾਕਾਰ ਡਾ. ਲੱਖਾ ਲਹਿਰੀ ਨੇ ਨਿਰਦੇਸ਼ਤ ਕੀਤਾ | ਕਲਾ ਭਵਨ ਆਡੀਟੋਰੀਅਮ ਦੇ ਖਚਾ-ਖਚ ਭਰੇ ਹਾਲ 'ਚ ਦਰਸ਼ਕਾਂ ਨੇ ਨਾਟਕ ਨੂੰ ਭਰਪੂਰ ਹੁੰਗਾਰਾ ਦਿੱਤਾ | ਨਾਟਕ 'ਚ 'ਪੀੜ੍ਹੀ ਦਰ ਪੀੜ੍ਹੀ' ਕਿਸੇ ਘਟਨਾ ਨੂੰ ਵੱਖ-ਵੱਖ ਕੋਣਾਂ ਅਤੇ ਨਜ਼ਰੀਏ ਤੋਂ ਵੇਖਣ ਦੀ ਗੱਲ ਕਰਦਾ ਹੈ, ਕਿਉਂਕਿ ਇਕ ਹੀ ਘਟਨਾ ਤੁਹਾਨੂੰ ਹਰ ਕੋਣ ਤੋਂ ਵੱਖਰੀ ਹੀ ਨਜ਼ਰ ਆਵੇਗੀ | ਇਸ ਨਾਟਕ 'ਚ ਅਦਾਕਾਰ ਕਰਮਨ ਸਿੱਧੂ ਨੇ ਹੀ ਤਿੰਨ ਵੱਖੋ-ਵੱਖਰੀਆਂ ਭੂਮਿਕਾਵਾਂ ਪਾਤਰਾਂ ਨਾਲ ਇਕ ਸੁਰ ਹੋ ਕੇ ਨਿਭਾਈਆਂ | ਮਨਪ੍ਰੀਤ ਸਿੰਘ ਤੇ ਉੱਤਮ ਦਰਾਲ ਨੇ ਨਾਟਕ ਦੇ ਮੂਡ ਨੂੰ ਉਭਾਰਨ ਲਈ ਲਾਈਟਿੰਗ ਨਾਲ ਚਾਰ ਚੰਨ ਲਾਏ | ਨਾਟਕ ਦਾ ਸੰਗੀਤ ਕਰਮਨ ਸਿੱਧੂ ਨੇ ਕੰਪੋਜ ਕੀਤਾ ਤੇ ਕੁੰਵਰਜੀਤ ਸਿੰਘ ਨੇ ਸੰਚਾਲਨ ਕੀਤਾ | ਨਾਟਕ ਦੇਖਣ ਉਪਰੰਤ ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ ਨੇ ਨਾਟਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਨਾਟਕ ਅੱਜ ਦੇ ਸਮੇਂ ਦੀ ਸਚਾਈ ਹੈ | ਹਰ ਪੀੜ੍ਹੀ 'ਚ ਇਹੀ ਵਾਪਰ ਰਿਹਾ ਹੈ | ਇਕ ਹੀ ਕਲਾਕਾਰ ਵਲੋਂ ਵੱਖ-ਵੱਖ ਭੂਮਿਕਾਵਾਂ ਅਦਾ ਕਰਨੀਆਂ ਵਾਕਿਆ ਹੀ ਕਮਾਲ ਸੀ | ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬੀ ਨਾਟਕ ਬਾਰੇ ਬਾਰੇ ਜੋ ਮੇਰੇ 'ਚ ਨਿਰਾਸ਼ਾ ਸੀ, ਉਹ ਅੱਜ ਦਾ ਨਾਟਕ ਦੇਖ ਕਿ ਖ਼ਤਮ ਹੋ ਗਈ ਹੈ | ਨਾਟਕ ਦਾ ਪੱਧਰ ਵਧਦਾ ਜਾ ਰਿਹਾ ਹੈ | ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਕਲਾਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰੰਗਮੰਚ ਦੇ ਕਲਾਕਾਰ ਅਸਲੀ ਕਲਾਕਾਰ ਹੁੰਦੇ ਹਨ, ਜੋ ਬਿਨਾਂ ਕਿਸੇ ਰੀਟੇਕ ਦੇ ਲਗਾਤਾਰ ਡੇਢ ਘੰਟਾ ਪੇਸ਼ਕਾਰੀ ਕਰਦੇ ਹਨ | ਇਸ ਮੌਕੇ ਡਾ: ਇੰਦਰਜੀਤ ਸਿੰਘ, ਪ੍ਰੋ. ਕਿਰਪਾਲ ਕਜ਼ਾਕ, ਡਾ. ਸੁਰਜੀਤ ਭੱਟੀ ਨੇ ਦਰਸ਼ਕਾਂ ਵਜੋਂ ਸ਼ਮੂਲੀਅਤ ਕੀਤੀ | ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਮੰਚ ਸੰਚਾਲਨ ਕੀਤਾ ਤੇ ਨੋਰਾ ਰਿਚਰਡਜ ਦੀ ਪੰਜਾਬੀ ਥੀਏਟਰ ਨੂੰ ਮਹਾਨ ਦੇਣ ਬਾਰੇ ਚਾਨਣਾ ਪਾਇਆ | ਸਵੇਰ ਦੇ ਰੂਬਰੂ ਸੈਸ਼ਨ ਦੌਰਾਨ ਪ੍ਰਸਿੱਧ ਫ਼ਿਲਮ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਸਫ਼ਰ ਅਤੇ ਸੰਘਰਸ਼ ਦੇ ਤਜਰਬੇ ਸਾਂਝੇ ਕੀਤੇ | ਅੰਤ 'ਚ ਨੌਜਵਾਨ ਕਵੀ ਪ੍ਰੀਤ ਕਾਰਖਲ ਦੀ ਪੁਸਤਕ 'ਮੁਹੱਬਤ ਮੁਕੰਮਲ ਨਈਾ ਹੋਈ' ਰੀਲੀਜ਼ ਕੀਤੀ ਗਈ |