ਪਟਿਆਲਾ, 3 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ 'ਚ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਵਿਖੇ ਖ਼ੁਦ ਦੇ ਤਿਆਰ ਕੀਤੇ ਹੋਏ ਕਿਚਨ ਗਾਰਡਨ ਦੀ ਸਬਜ਼ੀਆਂ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ ਸ਼ਰਮਾ ਵੀ ਮੌਜੂਦ ਸਨ | ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਸਕੂਲ 'ਚ ਬਿਨਾਂ ਕਿਸੇ ਮਾਰੂ ਸਪਰੇ ਤੋਂ ਜੋ ਸਬਜ਼ੀਆਂ ਉਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ ਸ਼ਰਮਾ ਨੇ ਵਿਦਿਆਰਥੀਆਂ ਨੂੰ ਮੂਲ਼ੀਆਂ ਅਤੇ ਸ਼ਲਗਮਾਂ ਦੇ ਉੱਪਰਲੇ ਤੇ ਹੇਠਲੇ ਹਿੱਸੇ ਦੇ ਗੁਣਾਂ ਬਾਰੇ ਵਿਸਥਾਰ ਸਹਿਤ ਦੱਸਿਆ | ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਸਰਦ ਰੁੱਤ ਦੀਆਂ ਸਬਜ਼ੀਆਂ ਅੱੈਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਦੇ ਨਾਲ ਸਕੂਲ 'ਚ ਉਗਾਈਆਂ ਗਈਆਂ ਸਨ, ਇਨ੍ਹਾਂ ਸਬਜ਼ੀਆਂ 'ਚ ਵਿਸੇਸ ਤੌਰ 'ਤੇ ਪਾਲਕ, ਧਨੀਆ, ਸਰ੍ਹੋਂ ਦਾ ਸਾਗ, ਗਾਜਰ ਮੂਲ਼ੀ, ਗੋਭੀ, ਬਰੋਕਲੀ ਅਤੇ ਹਰੀਆ ਮਿਰਚਾਂ ਹਨ | ਵਿਦਿਆਰਥੀਆਂ ਨੂੰ ਪਹਿਲਾਂ ਸਬਜ਼ੀਆਂ ਦੇ ਉਗਾਉਣ ਦੀ ਵਿਧੀ ਤੇ ਉਨ੍ਹਾਂ ਤੋਂ ਸਬਜ਼ੀਆਂ ਤੁੜਵਾ ਕੇ ਕੁਝ ਵਿਦਿਆਰਥੀਆਂ ਨੂੰ ਸਬਜ਼ੀਆਂ ਘਰ ਲਈ ਦਿੱਤੀਆਂ ਗਈਆਂ | ਕੌਮੀ ਸੇਵਾ ਯੋਜਨਾ ਅਫ਼ਸਰ ਮਨੋਜ ਥਾਪਰ ਨੇ ਦੱਸਿਆ ਕਿ ਸਕੂਲ ਦੇ ਕਿਚਨ ਗਾਰਡਨ 'ਚ ਉਨ੍ਹਾਂ ਦੇ ਸਹਿਯੋਗੀ ਪ੍ਰੋਗਰਾਮ ਅਫ਼ਸਰ ਪ੍ਰਗਟ ਸਿੰਘ ਦੇ ਸਹਿਯੋਗ ਨਾਲ ਵਲੰਟੀਅਰਜ਼ ਹੀ ਕਿਚਨ ਗਾਰਡਨ ਦੀ ਦੇਖ-ਰੇਖ ਕਰਦੇ ਹਨ | ਇਸ ਕਿਚਨ ਗਾਰਡਨ 'ਚ ਸਮੇਂ-ਸਮੇਂ 'ਤੇ ਵਿਦਿਆਰਥੀ ਸਾਂਭ-ਸੰਭਾਲ ਦਾ ਕੰਮ ਕਰਦੇ ਹਨ, ਨਦੀਨ ਕੱਢਦੇ ਹਨ, ਜਦੋਂ ਸਬਜ਼ੀਆਂ ਖਾਣ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਵਿਦਿਆਰਥੀਆਂ ਨੂੰ ਸੰਕੇਤਕ ਤੌਰ 'ਤੇ ਸਬਜ਼ੀਆਂ ਵੰਡ ਦਿੱਤੀਆਂ ਜਾਂਦੀਆਂ ਹਨ, ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦਾ ਇਹ ਉਪਰਾਲਾ ਇਕ ਨਵੇਕਲੀ ਪਹਿਲ ਕਰ ਰਿਹਾ ਹੈ, ਜਿਸ 'ਚ ਸੰਘਣੀ ਆਬਾਦੀ ਤੇ ਭੀੜ ਵਾਲੇ ਸ਼ਹਿਰੀ ਸਕੂਲ 'ਚ ਬਿਨਾਂ ਕਿਸੇ ਸਪਰੇ ਤੋਂ ਆਰਗੈਨਿਕ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ |