18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਹਲਕਾ ਸਨੌਰ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀਆਂ ਸ਼ਾਂਤਮਈ ਢੰਗ ਨਾਲ ਭਰੀਆਂ

ਅਜੀਤ ਡੈਸਕ 04-12-2025
ਦੇਵੀਗੜ੍ਹ, 3 ਦਸੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੀ ਅੱਜ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸੁਚੱਜੇ ਤਰੀਕੇ ਨਾਲ ਸਮਾਪਤ ਹੋਈ | ਚੋਣ ਕੇਂਦਰਾਂ 'ਤੇ ਸਵੇਰ ਤੋਂ ਹੀ ਸਮਰਥਕਾਂ, ਪਾਰਟੀ ਵਰਕਰਾਂ ਅਤੇ ਸਥਾਨਕ ਨਾਗਰਿਕ ਵੱਡੀ ਗਿਣਤੀ 'ਚ ਪਹੁੰਚੇ | ਜਿਸ ਨਾਲ ਮਾਹੌਲ 'ਚ ਉਤਸ਼ਾਹ ਵੇਖਣ ਨੂੰ ਮਿਲਿਆ | ਪ੍ਰਸ਼ਾਸਨ ਵਲੋਂ ਕੀਤੇ ਬੰਦੋਬਸਤਾਂ ਦੀ ਲੋਕਾਂ ਨੇ ਖ਼ਾਸ ਤੌਰ 'ਤੇ ਸਰਾਹਣਾ ਕੀਤੀ | ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸਭ ਤੋਂ ਵੱਧ ਚਰਚਾ ਮੌਜੂਦਾ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਕੰਮਾਂ ਦੀ ਰਹੀ | ਸਨੌਰ ਹਲਕੇ ਦੇ ਵਸਨੀਕਾਂ ਨੇ ਹਲਕਾ ਇੰਚਾਰਜ ਦੀ ਪ੍ਰਸੰਸਾ ਕਰਦੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਹਲਕੇ 'ਚ ਵਿਕਾਸ ਦੀ ਰਫ਼ਤਾਰ ਪਹਿਲਾਂ ਨਾਲੋਂ ਕਈ ਗੁਣਾ ਵਧੀ ਹੈ | ਸੜਕਾਂ ਦੀ ਮੁਰੰਮਤ ਅਤੇ ਨਿਰਮਾਣ, ਸਫ਼ਾਈ ਪ੍ਰਣਾਲੀ 'ਚ ਸੁਧਾਰ, ਪਿੰਡਾਂ 'ਚ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਅਤੇ ਸਮਾਜਿਕ ਸੇਵਾ ਦੇ ਮੈਦਾਨ 'ਚ ਕੀਤੇ ਕੰਮ ਹਲਕਾ ਇੰਚਾਰਜ ਦੀਆਂ ਵੱਡੀਆਂ ਉਪਲਬਧੀਆਂ ਵਜੋਂ ਗਿਣੇ ਜਾ ਰਹੇ ਹਨ | ਪਿੰਡ ਭੁਨਰਹੇੜੀ ਦੇ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਲਕਾ ਇੰਚਾਰਜ ਹਮੇਸ਼ਾ ਲੋਕਾਂ ਨਾਲ ਸੰਪਰਕ 'ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ | ਦੂਜੇ ਪਾਸੇ, ਪਿੰਡ ਦੇਵੀਗੜ੍ਹ ਦੀ ਵਸਨੀਕ ਕਿਰਨਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਰੋਜ਼ਗਾਰ ਲਈ ਕੀਤੇ ਉਪਰਾਲਿਆਂ ਨੇ ਉਨ੍ਹਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਨੁਮਾਇੰਦਿਆਂ ਨੇ ਕਿਹਾ ਕਿ ਸਨੌਰ ਹਲਕਾ ਏਕਤਾ ਅਤੇ ਵਿਕਾਸ ਦਾ ਮਾਡਲ ਬਣਦਾ ਜਾ ਰਿਹਾ ਹੈ | ਨਾਮਜ਼ਦਗੀਆਂ ਭਰਨ ਸਮੇਂ ਪੁਲਿਸ ਵਲੋਂ ਕੀਤੀ ਚੌਕਸੀ, ਪਾਣੀ-ਬੈਠਣ ਦੀ ਸੁਵਿਧਾ ਅਤੇ ਕਤਾਰਬੱਧ ਪ੍ਰਬੰਧ ਕਰਕੇ ਨਾਗਰਿਕ ਪ੍ਰਸੰਨ ਦਿਸੇ | ਅੱਜ ਦਾ ਦਿਨ ਬਿਨਾਂ ਕਿਸੇ ਗੜਬੜ ਦੇ ਸ਼ਾਂਤਮਈ ਢੰਗ ਬਤੀਤ ਹੋਇਆ ਅਤੇ ਵਸਨੀਕਾਂ ਨੇ ਉਮੀਦ ਜਤਾਈ ਕਿ ਆਉਣ ਵਾਲੀਆਂ ਚੋਣਾਂ ਵੀ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਦੀ ਉਮੀਦ ਹੈ | ਇਸ ਮੌਕੇ ਡੀ.ਐੱਸ.ਪੀ. ਰੂਰਲ ਹਰਸਿਮਰਨ ਸਿੰਘ ਗੋਂਦਾਰਾ, ਇੰਸ. ਸੰਦੀਪ ਸਿੰਘ, ਸਬ-ਇੰਸਪੈਕਟਰ ਜਨਕ ਰਾਜ, ਚੌਂਕੀ ਇੰਚਾਰਜ ਪਵਿੱਤਰ ਸਿੰਘ, ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਖ਼ੁਫ਼ੀਆ ਵਿਭਾਗ, ਸਹਾਇਕ ਥਾਣੇਦਾਰ ਗੁਰਮੁਖ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਕਾਗ਼ਜ਼ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਚਾਰ ਦਿਨਾ ਆਲ ਇੰਡੀਆ ਆਈ. ਪੀ. ਐੱਸ. ਸੀ. ਹਾਕੀ ਗਰਲਜ਼ ਚੈਂਪੀਅਨਸ਼ਿਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।