ਭਾਦਸੋਂ, 24 ਨਵੰਬਰ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਅਤੇ ਮੁੱਖ ਸੇਵਾਦਾਰ ਹਲਕਾ ਨਾਭਾ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਆਗਾਮੀ ਸਰਦ ਰੁੱਤ ਸੈਸ਼ਨ 'ਚ ਕੀਤੀ ਜਾਣ ਵਾਲੀ 131ਵੀਂ ਸੰਵਿਧਾਨਕ ਸੋਧ 2025 ਨੂੰ ਵਾਪਸ ਲਿਆ ਜਾਵੇ | ਇਹ ਸੰਵਿਧਾਨਕ ਸੋਧ ਸਿੱਧੇ ਪੰਜਾਬ ਦੀ ਰਾਜਧਾਨੀ (ਚੰਡੀਗੜ੍ਹ) ਉੱਪਰ ਸੰਵਿਧਾਨਕ, ਰਾਜਨੀਤੀ, ਪ੍ਰਸ਼ਾਸਨਿਕ ਡਾਕਾ ਹੈ | ਇਸ ਨੂੰ ਕਦੇ ਪੰਜਾਬ ਬਰਦਾਸ਼ਤ ਨਹੀਂ ਕਰੇਗਾ | ਐਡ. ਸ਼ਾਹਪੁਰ ਨੇ ਕਿਹਾ ਕਿ, ਸਰਦ ਰੁੱਤ ਸੈਸ਼ਨ 'ਚ 131ਵੀਂ ਸੰਵਿਧਾਨਕ ਸੋਧ ਦੌਰਾਨ (ਆਰਟੀਕਲ 240) ਤਹਿਤ ਚੰਡੀਗੜ੍ਹ ਨੂੰ ਪੂਰਨ ਤੌਰ 'ਤੇ ਯੂ.ਟੀ. ਬਣਾਉਣ ਦਾ ਏਜੰਡਾ ਜੱਗ ਜ਼ਾਹਿਰ ਹੋ ਚੁੱਕਾ ਹੈ, ਜੋ ਚੰਡੀਗੜ੍ਹ ਨੂੰ ਹਮੇਸ਼ਾ ਲਈ ਪੰਜਾਬ ਤੋਂ ਅਲੱਗ ਕਰਨ ਵਾਲੀ ਸਾਜ਼ਿਸ਼ ਹੈ | ਕੇਂਦਰ ਦੁਆਰਾ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਸੰਨ੍ਹ ਲਗਾਉਣ ਅਤੇ ਅਜਿਹੇ ਗ਼ੈਰ ਸੰਵਿਧਾਨਿਕ ਹਮਲਿਆਂ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਐਡ. ਸ਼ਾਹਪੁਰ ਨੇ ਕਿਹਾ ਕਿ ਪੰਜਾਬੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਕਿਸੇ ਵੀ ਸਰਕਾਰ ਦਾ ਕੋਈ ਬਿੱਲ ਜਾਂ ਦਾਅਵਾ ਕਦੇ ਖੋਹ ਨਹੀਂ ਸਕੇਗਾ | ਪੰਜਾਬ ਇਕਜੁੱਟਤਾ ਨਾਲ ਇਸ ਗੈਰ-ਸੰਵਿਧਾਨਿਕ ਹਮਲੇ ਦਾ ਡਟ ਕੇ ਮੁਕਾਬਲਾ ਕਰੇਗਾ | ਉਨ੍ਹਾਂ ਕਿਹਾ, ਜੇਕਰ ਕੇਂਦਰ ਸਰਕਾਰ ਆਪਣੇ ਇਸ ਫ਼ੈਸਲੇ ਤੋਂ ਪਿੱਛੇ ਨਹੀਂ ਹਟੇਗੀ ਤਾਂ ਕੇਂਦਰ ਸਰਕਾਰ ਪੰਜਾਬ ਤੋ ਉੱਠਣ ਵਾਲੇ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ |