ਜੰਡਿਆਲਾ ਗੁਰੂ, 21 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਪੰਜਾਬ ਦੀਆਂ ਸੜਕਾਂ ਨਿਤ ਹਾਦਸਿਆਂ ਦਾ ਘਰ ਬਣਦੀਆਂ ਜਾ ਰਹੀਆਂ ਹਨ | ਰੋਜ਼ਾਨਾ ਹੋ ਰਹੀਆਂ ਸੜਕ ਦੁਰਘਟਨਾਵਾਂ ਵਿਚ ਕਈ ਕੀਮਤੀ ਜਾਨਾਂ ਆਵਾਰਾ ਕੁੱਤਿਆਂ, ਗਾਵਾਂ ਤੇ ਸਾਂਢਾਂ ਦੇ ਕਾਰਨ ਜਾ ਰਹੀਆਂ ਹਨ | ਇਹ ਪਸ਼ੂ ਸੜਕਾਂ 'ਤੇ ਡਿਵਾਈਡਰਾਂ ਵਿਚਕਾਰ ਘਾਹ ਚੁਗਦਿਆਂ ਅਚਾਨਕ ਵਾਹਨਾਂ ਅੱਗੇ ਆ ਜਾਂਦੇ ਹਨ, ਜਿਸ ਕਾਰਨ ਹਾਦਸੇ ਅਣਟਾਲ ਬਣ ਜਾਂਦੇ ਹਨ | ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਤੇ ਰਿਮਾਇੰਡਰ ਦਿੱਤੇ ਗਏ ਹਨ, ਪਰ ਸਰਕਾਰ ਨੀਰੋ ਵਾਂਗ ਬੰਸਰੀ ਵਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸਰਕਾਰ ਨੇ ਇਸ ਮਸਲੇ ਵੱਲ ਧਿਆਨ ਦਿੱਤਾ ਹੁੰਦਾ ਤਾਂ ਰਾਜਵੀਰ ਜਵੰਦਾ ਵਰਗੇ ਨੌਜਵਾਨ ਅੱਜ ਸਾਡੇ ਵਿਚਕਾਰ ਹੁੰਦੇ | ਛੱਜਲਵੱਡੀ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਫੌਰੀ ਕਦਮ ਨਾ ਚੁੱਕੇ ਗਏ ਤਾਂ ਲੋਕ ਆਉਣ ਵਾਲੇ ਦਿਨਾਂ 'ਚ ਲੋਕ ਆਪ ਹੀ ਹੱਲ ਲੱਭਣ ਲੱਗ ਪੈਣਗੇ |