ਨਵਾਂ ਪਿੰਡ, 30 ਅਗਸਤ (ਜਸਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੂਰਾ ਪੰਜਾਬ ਕੁਦਰਤ ਦੇ ਕਹਿਰ ਹੇਠ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ | ਪੰਜਾਬ ਦੇ ਕਈ ਜ਼ਿਲ੍ਹੇ, ਪਿੰਡ ਤੇ ਸ਼ਹਿਰ ਪਾਣੀ 'ਚ ਡੁੱਬੇ ਪਏ ਹਨ | ਜਿਸ ਕਾਰਨ ਬੇ-ਘਰ ਹੋਏ ਲੋਕ ਆਪਣੀਆਂ ਜਾਨਾਂ ਬਚਾਉਣ 'ਚ ਲੱਗੇ ਹੋਏ ਹਨ | ਲੋਕ ਘਰਾਂ ਦਾ ਸਾਮਾਨ, ਡੰਗਰ, ਖੇਤ ਤੇ ਰੋਜ਼ਮਰਾ ਦੀਆਂ ਵਸਤਾਂ ਛੱਡ ਸੁਰੱਖਿਅਤ ਥਾਵਾਂ 'ਤੇ ਪਹੁੰਚ ਰਹੇ ਹਨ | ਇਸ ਦੇ ਚੱਲਦਿਆਂ ਸਿਹਤ ਵਿਭਾਗ, ਪੰਜਾਬ ਅੰਦਰ ਐੱਨ. ਆਰ. ਐੱਚ. ਐੱਮ. ਦੇ ਹਜ਼ਾਰਾਂ ਪਰਿਵਾਰ ਵੀ ਇਨ੍ਹਾਂ ਹੜ੍ਹਾਂ ਦੀ ਮਾਰ ਝੱਲਣ ਦੇ ਬਾਵਜੂਦ ਉਹ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਬਿਨ੍ਹਾ ਤਨਖਾਹ ਮਿਲੇ ਤਨਦੇਹੀ ਨਾਲ ਆਪਣੀ ਡਿਉਟੀ ਨਿਭਾਅ ਰਹੇ ਹਨ | ਇਸ ਸੰਬੰਧੀ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਆਰ. ਬੀ. ਐੱਸ. ਕੇ. ਫਾਰਮਾਸਿਸਟ ਨਿਸ਼ਾਨ ਸਿੰਘ ਨਬੀਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨਾਂ ਪੂਰਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੁਲਾਈ 2025 ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਇਨ੍ਹਾਂ ਕੱਚੇ ਕਰਮਚਾਰੀਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਇਸ ਮੁਸ਼ਕਿਲ ਦੀ ਘੜੀ 'ਚ ਉਨ੍ਹਾਂ ਨੂੰ ਘਰ ਦੇ ਗੁਜ਼ਾਰੇ ਕਰਨੇ ਔਖੇ ਹੋਏ ਪਏ ਹਨ | ਤਨਖਾਹ ਨਾ ਮਿਲਣ ਕਾਰਨ ਪੂਰੇ ਪੰਜਾਬ ਦੇ ਐੱਨ. ਆਰ. ਐੱਚ. ਐੱਮ. ਦੇ ਕੱਚੇ ਕਰਮਚਾਰੀਆਂ 'ਚ ਹਾ-ਹਾ ਕਾਰ ਮੱਚੀ ਹੋਈ ਹੈ | ਇਸ ਸੰਕਟ ਦੀ ਘੜੀ 'ਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਜੁਲਾਈ ਤੇ ਅਗਸਤ ਮਹੀਨੇ ਦੀ ਬਣਦੀ 2 ਮਹੀਨੇ ਦੀ ਤਨਖਾਹ ਜਲਦ ਉਨ੍ਹਾਂ ਦੇ ਖਾਤਿਆਂ 'ਚ ਪਾ ਕੇ ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਸੰਕਟ ਤੋਂ ਰਾਹਤ ਦਿੱਤੀ ਜਾਵੇ | ਜੇਕਰ ਪੰਜਾਬ ਸਰਕਾਰ ਸਮੇਂ ਸਿਰ ਤਨਖਾਹ ਜਾਰੀ ਨਹੀ ਕਰਦੀ ਤਾਂ ਮਜ਼ਬੂਰੀ ਵੱਸ ਇਕ ਸਤੰਬਰ ਤੋਂ ਉਹ ਸਮੂਹਿਕ ਤੌਰ 'ਤੇ ਹੜ੍ਹਤਾਲ 'ਤੇ ਚਲੇ ਜਾਣਗੇ | ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ | ਉਨ੍ਹਾਂ ਦੱਸਿਆ ਕਿ ਰੱਖੜੀ ਦਾ ਤਿਉਹਾਰ ਵੀ ਉਨ੍ਹਾਂ ਨੇ ਬਿਨਾਂ ਤਨਖਾਹ ਦੇ ਲੰਘਾਇਆ ਸੀ | ਇਸ ਮੌਕੇ ਡਾ. ਐੱਸ. ਪੀ. ਸਿੰਘ, ਸਰਿਤਾ ਸੋਬੀਆ, ਹਰਕਿ੍ਸ਼ਨ, ਅਰੁਣ, ਗੁਰਜੀਤ ਸਿੰਘ, ਬਲਜੀਤ ਕੌਰ, ਸੁਮਨ, ਹਰਜੋਤ, ਸੰਗੀਤਾ (ਸਾਰੇ ਫਾਰਮੇਸੀ ਅਫ਼ਸਰ), ਅਕਾਊਾਟ ਸੁਪ੍ਰੀਤ ਕੌਰ, ਮਨਜੀਤ ਕੌਰ ਭੱਲਾ, ਮਨਜੀਤ ਕੌਰ ਬੇਦੀ, ਸਟਾਫ ਨਰਸ ਰਾਜਵਿੰਦਰ ਕੌਰ ਗੁਰਪ੍ਰੀਤ ਕੌਰ ਤੇ ਗੁਰਜੀਤ ਕੌਰ ਆਦਿ ਹਾਜ਼ਰ ਸਨ |