28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਿਧਾਇਕ ਚੱਢਾ ਦੀ ਟੀਮ ਦੇ ਦਬਾਅ ਮਗਰੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਮਾਮਲਾ ਦਰਜ <br/>

ਮਾਈਨਿੰਗ ਮਾਫ਼ੀਆ ਵਿਰੁੱਧ ਮਾਮਲਾ ਦਰਜ ਹੋਣ 'ਤੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਚੱਢਾ ਦੀ ਟੀਮ ਦੇ ਨੁਮਾਇੰਦੇ | ਤਸਵੀਰ : ਰਾਜੇਸ਼ ਚੌਧਰੀ <br/> 30-12-2025
ਨੂਰਪੁਰ ਬੇਦੀ, 29 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਵਲੋਂ ਬੀਤੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਮਾਈਨਿੰਗ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਪ੍ਰਸ਼ਾਸਨ ਨੇ ਨਾ-ਮਾਲੂਮ ਜ਼ਮੀਨ ਮਾਲਕਾਂ ਖ਼ਿਲਾਫ਼ ਆਿਖ਼ਰਕਾਰ ਮਾਮਲਾ ਦਰਜ ਕਰ ਲਿਆ | ਦੱਸਣਯੋਗ ਹੈ ਕਿ ਬਲਾਕ ਨੂਰਪੁਰ ਬੇਦੀ ਦੇ ਪਿੰਡ ਗੋਬਿੰਦਪੁਰ ਬੇਲਾ ਤੇ ਅਮਰਪੁਰ ਬੇਲਾ ਦੇ ਵਸਨੀਕਾਂ ਵਲੋਂ, ਉਨ੍ਹਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਗਈ ਸੀ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮਾਈਨਿੰਗ ਕਾਰਨ ਜਿੱਥੇ ਉਨ੍ਹਾਂ ਦੀ ਉਪਜਾਊ ਜ਼ਮੀਨ ਨੂੰ ਸਿੱਧਾ ਖਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਨੇੜਲੇ ਕਈ ਪਿੰਡ ਡਰ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹਨ | ਦਰਿਆ ਦੇ ਨਾਲ ਲਗਦੀਆਂ ਜ਼ਮੀਨਾਂ 'ਚ ਖੁਦਾਈ ਅਤੇ ਭਾਰੀ ਮਸ਼ੀਨਰੀ ਦੀ ਆਵਾਜਾਈ ਨਾਲ ਹੜ੍ਹਾਂ, ਭੂਸਖਲਨ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਵੀ ਵੱਧ ਰਿਹਾ ਸੀ | ਵਿਧਾਇਕ ਚੱਢਾ ਦੇ ਧਿਆਨ 'ਚ ਇਹ ਮਾਮਲਾ ਆਉਣ ਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਅਤੇ ਸੰਮਤੀ ਮੈਂਬਰ ਤਿਲਕ ਰਾਜ ਪੰਮਾ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮਾਈਨਿੰਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਜਾਂਚ ਦੌਰਾਨ ਵੱਡੇ ਪੱਧਰ 'ਤੇ ਗੈਰਕਾਨੂੰਨੀ ਮਾਈਨਿੰਗ ਸਾਹਮਣੇ ਆਈ, ਇੱਥੋਂ ਤੱਕ ਕਿ ਮਾਫ਼ੀਆ ਵਲੋਂ ਦਰਿਆ ਦੇ ਅੰਦਰ ਨਾਜਾਇਜ਼ ਢੰਗ ਨਾਲ ਆਰਜ਼ੀ ਪੁਲ ਤਿਆਰ ਕਰਕੇ ਮਾਈਨਿੰਗ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ | ਵਿਧਾਇਕ ਦੀ ਟੀਮ ਦੇ ਦਬਾਅ 'ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਆਰਜ਼ੀ ਪੁਲ ਨੂੰ ਤੋੜ ਦਿੱਤਾ | ਇਸ ਤੋਂ ਬਾਅਦ ਟੀਮ ਵਲੋਂ ਮਾਮਲੇ ਦੀ ਲਗਾਤਾਰ ਪੈਰਵੀ ਜਾਰੀ ਰੱਖੀ ਗਈ | ਮਾਈਨਿੰਗ ਵਿਭਾਗ ਵਲੋਂ ਤਿਆਰ ਕੀਤੀ ਗਈ ਰਿਪੋਰਟ ਪੁਲਿਸ ਨੂੰ ਭੇਜੇ ਜਾਣ ਮਗਰੋਂ ਪੰਜਾਬ ਪੁਲਿਸ ਦੇ ਸ੍ਰੀ ਅਨੰਦਪੁਰ ਸਾਹਿਬ ਪ੍ਰਸ਼ਾਸਨ ਨੇ ਨਾ-ਮਾਲੂਮ ਜ਼ਮੀਨ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਲੜਾਈ ਕਿਸੇ ਵੀ ਕੀਮਤ 'ਤੇ ਰੋਕੀ ਨਹੀਂ ਜਾਵੇਗੀ |

ਪਿਛਲੀ ਖ਼ਬਰ ਰੂਪਨਗਰ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਰਣਜੀਤ ਐਵੇਨਿਊ ਕਾਲੋਨੀ ਐਸੋਸੀਏਸ਼ਨ ਨੇ ਦਰਜ ਕਰਾਇਆ ਇਤਰਾਜ਼ <br/> ਅਗਲੀ ਖ਼ਬਰ ਰਤਵਾੜਾ ਸਾਹਿਬ ਵਿਖੇ ਤਿੰਨ ਰੋਜ਼ਾ ਨੌਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।