05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਾਰੋਬਾਰੀ ਤੋਂ 2 ਕਰੋੜ ਰੁ. ਦੀ ਫਿਰੌਤੀ ਮੰਗਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ

ਅਜੀਤ ਡੈਸਕ 23-11-2025
ਐੱਸ. ਏ. ਐੱਸ. ਨਗਰ, 22 ਨਵੰਬਰ (ਕਪਿਲ ਵਧਵਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮਨਪ੍ਰੀਤ ਸਿੰਘ ਉਰਫ਼ ਸੰਨੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ | ਸੰਨੀ ਨੂੰ ਇਕ ਗੰਭੀਰ ਫਿਰੌਤੀ ਮੰਗਣ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ 'ਚ ਮੁਹਾਲੀ ਦੇ ਇਕ ਪ੍ਰਾਪਰਟੀ ਡੀਲਰ ਨੂੰ ਧਮਕੀਆਂ ਦੇ ਕੇ 2 ਕਰੋੜ ਰੁ. ਦੀ ਫ਼ਿਰੌਤੀ ਵਸੂਲਣ ਅਤੇ ਦਫ਼ਤਰ 'ਤੇ ਗੋਲੀਬਾਰੀ ਕਰਨ ਦੇ ਦੋਸ਼ ਸ਼ਾਮਿਲ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਾਰੀ ਅਸ਼ੋਕ ਗੋਇਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ 3 ਜੁਲਾਈ 2025 ਨੂੰ ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ ਸੀ, ਜਿਸ ਦੌਰਾਨ ਕਾਲ ਕਰਨ ਵਾਲੇ ਨੇ ਆਪਣਾ ਨਾਂਅ ਬੱਬਰ ਖ਼ਾਲਸਾ ਨਾਲ ਜੁੜੇ ਕੁਲਬੀਰ ਸਿੰਘ ਵਜੋਂ ਦੱਸਦੇ ਹੋਏ 2 ਕਰੋੜ ਰੁ. ਦੀ ਫ਼ਿਰੌਤੀ ਦੀ ਮੰਗ ਕੀਤੀ ਸੀ | ਸ਼ਿਕਾਇਤਕਾਰੀ ਵਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਇਕ ਵੀਡੀਓ ਲਿੰਕ ਭੇਜ ਕੇ ਹੋਰ ਧਮਕੀਆਂ ਦਿੱਤੀਆਂ ਗਈਆਂ | 10 ਜੁਲਾਈ ਨੂੰ ਸ਼ਿਕਾਇਤਕਾਰੀ ਦੇ ਦਫ਼ਤਰ 'ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ, ਜਿਸ ਬਾਰੇ ਇਕ ਹੋਰ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਕਰਕੇ ਦੁਬਾਰਾ ਧਮਕੀਆਂ ਦਿੱਤੀਆਂ ਗਈਆਂ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ਼, ਬਿਆਨਾਂ ਤੇ ਰਿਕਾਰਡ ਦੇ ਆਧਾਰ 'ਤੇ ਰਾਜਿੰਦਰ ਸਿੰਘ ਆਸ਼ੂ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੇ ਮਨਪ੍ਰੀਤ ਸਿੰਘ ਸੰਨੀ ਸਮੇਤ ਇਕ ਹੋਰ ਮੁਲਜ਼ਮ ਸਚਿਨ ਕੁਮਾਰ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ | ਅਦਾਲਤ ਨੇ ਦੱਸਿਆ ਕਿ ਜਾਂਚ ਦੌਰਾਨ ਸਪੱਸ਼ਟ ਰੂਪ 'ਚ ਇਹ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਸਿੰਘ ਵੀ ਇਸ ਸਾਜ਼ਿਸ਼ ਦਾ ਹਿੱਸਾ ਸੀ ਤੇ ਗੋਲੀਬਾਰੀ ਦੀ ਘਟਨਾ 'ਚ ਉਸ ਦੀ ਸਰਗਰਮ ਭੂਮਿਕਾ ਸੀ | ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਉਸ ਖ਼ਿਲਾਫ਼ ਇਕ ਹੋਰ ਮਾਮਲਾ ਵੀ ਦਰਜ ਹੈ, ਜਿਸ ਕਾਰਨ ਜ਼ਮਾਨਤ ਦੇਣ ਲਈ ਕੋਈ ਆਧਾਰ ਨਜ਼ਰ ਨਹੀਂ ਆਇਆ | ਅਦਾਲਤ ਨੇ ਮਾਮਲੇ ਦੀ ਗੰਭੀਰਤਾ, ਸਬੂਤਾਂ ਤੇ ਮੁਲਜ਼ਮ ਦੇ ਪਿਛੋਕੜ ਨੂੰ ਦੇਖਦਿਆਂ ਬੇਲ ਰੱਦ ਕਰ ਦਿੱਤੀ | ਹੁਣ ਮਾਮਲੇ ਦੀ ਫ਼ਾਈਲ ਨੂੰ ਰਿਕਾਰਡ ਰੂਮ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 266ਵੇਂ ਦਿਨ 103 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸੰਭਾਲ ਥੀਏਟਰ ਅਦਾਕਾਰੀ ਤੇ ਥੀਏਟਰ ਪ੍ਰਤਿਭਾ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ ਵਚਨਬੱਧ-ਸੋਮੇਸ਼ ਗੁਪਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।