13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਪੰਜਾਬ ਦਿਵਸ' ਮੌਕੇ ਸਮਾਗਮ ਕਰਵਾਇਆ <br/>

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਦਿਵਸ' ਮੌਕੇ ਕਰਵਾਏ ਗਏ 'ਵਿਰਾਸਤ-ਏ-ਪੰਜਾਬ' ਸਮਾਗਮ ਦਾ ਉਦਘਾਟਨ ਕਰਦੇ ਹੋਏ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਤੇ ਨਾਲ ਹਾਜ਼ਰ ਯੂਨੀਵਰਸਿਟੀ ਦੇ ਅਧਿਕਾਰੀ | (ਸੱਜੇ) ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਦਿਵਸ' ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭੰਗੜੇ ਦੇ ਪੇਸ਼ਕਾਰੀ ਦਿੰਦੇ ਹੋਏ ਗੱਭਰੂ | ਅਜੀਤ ਤਸਵੀਰਾਂ <br/> 02-11-2025
ਐੱਸ. ਏ. ਐੱਸ. ਨਗਰ, 1 ਨਵੰਬਰ (ਅ. ਬ.)-ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ 'ਪੰਜਾਬ ਦਿਵਸ' ਮੌਕੇ ਸਮਾਗਮ ਕਰਵਾਇਆ, ਜਿਸ 'ਚ ਪੰਜਾਬ ਦੀ ਮਹਾਨ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ | ਇਸ ਦੋ ਰੋਜ਼ਾ 'ਵਿਰਾਸਤ-ਏ-ਪੰਜਾਬ' ਸਮਾਗਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਵੱਡਮੁੱਲੀ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨਾ ਸੀ | ਇਸ ਸਮਾਗਮ ਦਾ ਉਦਘਾਟਨ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਨੇ ਕੀਤਾ | ਇਸ ਦੇ ਨਾਲ ਹੀ ਸਮਾਗਮ 'ਚ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ, ਫ਼ਿਲਮ ਨਿਰਦੇਸ਼ਕ ਜੱਸ ਗਰੇਵਾਲ, ਮਰਹੂਮ ਕਾਮੇਡੀਅਨ ਅਤੇ ਅਦਾਕਾਰ ਜਸਪਾਲ ਭੱਟੀ ਦੇ ਭਰਾ ਅਰਵਿੰਦਰ ਭੱਟੀ, ਪੰਜਾਬ ਦੇ ਯੂਥ ਸਰਵਿਸਿਜ਼ ਵਿਭਾਗ ਦੇ ਸਹਾਇਕ ਨਿਰਦੇਸ਼ਕ ਪ੍ਰੀਤ ਕੋਹਲੀ, ਉੱਘੇ ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ, ਅਜਮੇਰ ਸਿੰਘ ਤੇ ਸੇਵਕ ਸਿੰਘ ਸਮੇਤ ਪੰਜਾਬ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਇਸ ਸਮਾਗਮ ਦੌਰਾਨ ਵਿਰਾਸਤ ਮੇਲਾ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ, ਜਿਸ ਦੀ ਸ਼ੁਰੂਆਤ ਭੰਗੜੇ ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਨਾਲ ਹੋਈ | ਮੇਲੇ 'ਚ ਪੰਜਾਬ ਦੇ ਰਿਵਾਇਤੀ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ, ਜਦਕਿ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਤ ਸੰਦ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਉਹ ਚੀਜ਼ਾਂ, ਜੋ ਕਿ ਅੱਜ ਅਲੋਪ ਹੋ ਚੁੱਕੀਆਂ ਹਨ, ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਸਮਾਗਮ ਦੌਰਾਨ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਫੁੱਲਕਾਰੀ, ਪੱਖੀ, ਪਰਾਂਦਾ, ਮਿੱਟੀ ਦੇ ਖਿਡੌਣੇ ਅਤੇ ਛਿੱਕੂ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਦੇ ਨਾਲ ਹੀ ਪੰਜਾਬੀ ਗਾਇਕ ਪੰਮੀ ਬਾਈ, ਹਸ਼ਮਤ ਸੁਲਾਤਾਨਾ ਅਤੇ ਕੰਵਰ ਗਰੇਵਾਲ ਨੇ ਆਪਣੀ ਦਮਦਾਰ ਗਾਇਕੀ ਨਾਲ ਹਾਜ਼ਰੀਨਾਂ ਦਾ ਭਰਵਾਂ ਮਨੋਰੰਜਨ ਕੀਤਾ | ਮੇਲੇ ਦੌਰਾਨ ਪੰਮੀ ਬਾਈ ਨੇ ਆਪਣੇ ਸੰਬੋਧਨ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਦੂਰ ਹੋ ਰਹੀ ਹੈ | ਅੱਜ ਮੈਨੂੰ ਵਿਰਾਸਤ-ਏ-ਪੰਜਾਬ ਦਾ ਹਿੱਸਾ ਬਣ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ | ਇਥੇ ਪੰਜਾਬ ਦੀ ਵਿਰਾਸਤ ਨੂੰ ਜਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਉਹ ਕਮਾਲ ਹੈ | ਪੁਰਾਣੇ ਸਮੇਂ ਦੀਆਂ ਅਜਿਹੀਆਂ ਚੀਜ਼ਾਂ ਜੋ ਅੱਜ ਅਲੋਪ ਹੋ ਚੁੱਕੀਆਂ ਹਨ, ਨੂੰ ਪ੍ਰਦਰਸ਼ਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਦਾ ਇਹ ਬਿਹਤਰੀਨ ਉਪਰਾਲਾ ਹੈ | ਸਮਾਗਮ ਦੌਰਾਨ ਮਾਹਿਰਾਂ ਵਲੋਂ ਪੈਨਲ ਚਰਚਾ ਵੀ ਕੀਤੀ ਗਈ, ਜਿਸ 'ਚ ਪੰਜਾਬ ਕੌਰ ਦੇ ਨਾਂਅ ਨਾਲ ਮਸ਼ਹੂਰ ਲੋਕ ਗਾਇਕਾ ਸੁੱਖੀ ਬਰਾੜ ਨੇ ਪੰਜਾਬੀ ਮਾਂ-ਬੋਲੀ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਤੁਹਾਡੀ ਤਾਕਤ ਹੈ ਅਤੇ ਤੁਸੀਂ ਭਾਵੇਂ ਅੰਗਰੇਜ਼ੀ ਮੀਡੀਅਮ ਜਾਂ ਹਿੰਦੀ ਮੀਡੀਅਮ 'ਚ ਪੜ੍ਹੋ ਜਾਂ ਫ਼ਿਰ ਕਿਸੇ ਹੋਰ ਭਾਸ਼ਾ 'ਚ, ਹਮੇਸ਼ਾ ਪਹਿਲਾ ਸਥਾਨ ਆਪਣੀ ਮਾਂ ਬੋਲੀ ਨੂੰ ਦਿਓ | ਇਸ ਦੇ ਨਾਲ-ਨਾਲ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰੋ | ਇਸ ਮੌਕੇ ਪੰਜਾਬ ਦੇ ਮਹਾਨ ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਨੇ ਸੂਬੇ ਦੇ ਮਹਾਨ ਇਤਿਹਾਸ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਸਾਡੇ ਸੂਬੇ ਨੇ ਬਹੁਤ ਤਬਾਹੀਆਂ ਦੇਖੀਆਂ ਹਨ, ਪਰ ਇਸ ਨਾਲ ਪੰਜਾਬੀਆਂ ਦੀ ਰੂਹ ਨਹੀਂ ਹਿੱਲੀ | ਅਸੀਂ ਇਕਜੁੱਟ ਹੋ ਕੇ ਨਾਲ ਖੜ੍ਹੇ ਹਾਂ ਅਤੇ ਮਿਲ ਕੇ ਮੁੜ ਤੋਂ ਇਕ ਬਿਹਤਰੀਨ ਪੰਜਾਬ ਦੀ ਸਿਰਜਣਾ ਕਰ ਰਹੇ ਹਾਂ |

ਪਿਛਲੀ ਖ਼ਬਰ ਗੇਮਿੰਗ ਐਪ ਦੀ ਆੜ 'ਚ ਠੱਗੀ ਮਾਰਨ ਵਾਲੇ ਗਰੋਹ ਦੇ 3 ਮੈਂਬਰ ਗਿ੍ਫ਼ਤਾਰ ਅਗਲੀ ਖ਼ਬਰ ਮੋਦੀ ਦੀ ਗਾਰੰਟੀ ਅਤੇ ਨਾਇਬ ਦੇ ਸੰਕਲਪਾਂ ਨਾਲ ਸਾਕਾਰ ਹੋ ਰਿਹਾ ਮਹਿਲਾ ਸਸ਼ਕਤੀਕਰਣ ਦਾ ਸਪਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।