ਡੇਰਾਬੱਸੀ, 21 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਦੀਵਾਲੀ ਦੇ ਖੁਸ਼ੀ ਭਰੇ ਤਿਉਹਾਰ ਦੌਰਾਨ ਪਟਾਕਿਆਂ ਦੀ ਚਮਕ ਕਈਆਂ ਲਈ ਦੁੱਖ ਦਾ ਕਾਰਨ ਬਣ ਗਈ | ਇਸ ਵਾਰ ਡੇਰਾਬੱਸੀ ਸਿਵਲ ਹਸਪਤਾਲ ਵਿਚ ਪਟਾਕਿਆਂ ਨਾਲ ਜ਼ਖਮੀ ਹੋਏ ਕੁੱਲ 20 ਲੋਕਾਂ ਦਾ ਇਲਾਜ ਕੀਤਾ ਗਿਆ | ਹਾਲਾਂਕਿ ਜਾਗਰੂਕਤਾ ਪ੍ਰੋਗਰਾਮਾਂ ਦੇ ਕਾਰਨ ਇਹ ਗਿਣਤੀ ਪਿਛਲੇ ਸਾਲ ਨਾਲੋਂ ਇਕ ਘੱਟ ਰਹੀ, ਜਦੋਂ ਕਿ 2024 ਵਿਚ 21 ਜਣੇ ਜ਼ਖਮੀ ਹੋਏ ਸਨ | ਇਸ ਸੰਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਹੋਏ 19 ਮਰੀਜ਼ਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ, ਜਦਕਿ ਮੁਬਾਰਕਪੁਰ ਦੇ ਪੰਜ ਸਾਲ ਦੇ ਬੱਚੇ ਹਰਸ਼ ਕੁਮਾਰ ਪੁੱਤਰ ਜੋਗਿੰਦਰ ਸਿੰਘ ਨੂੰ ਚਿਹਰੇ 'ਤੇ ਪਟਾਕਾ ਲੱਗਣ ਕਾਰਨ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਾਮਲੇ ਹੱਥ ਤੇ ਚਿਹਰੇ 'ਤੇ ਛਾਲਿਆਂ ਜਾਂ ਜ਼ਖਮਾਂ ਨਾਲ ਸੰਬੰਧਿਤ ਸਨ | ਦੂਜੇ ਪਾਸੇ ਦੀਵਾਲੀ ਦੀ ਰਾਤ ਡੇਰਾਬੱਸੀ ਖੇਤਰ ਵਿਚ ਪੰਜ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਦਰਜ ਕੀਤੀਆਂ ਗਈਆਂ | ਇਨ੍ਹਾਂ ਵਿਚੋਂ ਸਭ ਤੋਂ ਵੱਡੀ ਘਟਨਾ ਗੁਲਮੋਹਰ ਸਿਟੀ ਵਿਚ ਵਾਪਰੀ, ਜਿੱਥੇ ਪਟਾਕਾ ਡਿੱਗਣ ਕਾਰਨ ਦੋ ਕਾਰਾਂ ਨੂੰ ਅੱਗ ਲੱਗ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਕਾਰ ਰਜਨੀਸ਼ ਕੁਮਾਰ ਦੀ ਸੀ. ਐੱਨ. ਜੀ. ਵੈਗਨਾਰ ਸੀ, ਜਿਸਨੂੰ ਪਟਾਕਾ ਵੱਜਣ ਨਾਲ ਅੱਗ ਲੱਗ ਗਈ ਅਤੇ ਕੁਝ ਸਮੇਂ ਬਾਅਦ ਦੂਜੀ ਕਾਰ ਵੀ ਸੜ ਗਈ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ | ਇਸ ਤੋਂ ਇਲਾਵਾ ਬਨੂੰੜ ਦੇ ਆਰ. ਪੀ. ਰਾਈਸ ਮਿੱਲ ਵਿਚ ਕਣਕ ਦੇ ਗੋਦਾਮਾਂ ਵਿਚ, ਰਾਮਲੀਲਾ ਗਰਾਊਾਡ ਵਿਚ ਰਹਿੰਦ ਖੂੰਦ ਨੂੰ , ਗੋਲਡਨ ਪਾਮ ਨੇੜੇ ਬੰਦ ਫੈਕਟਰੀ ਅਤੇ ਪਿੰਡ ਧਨੌਨੀ ਦੇ ਗੁਹਾਰਿਆਂ ਵਿਚ ਵਾਪਰੀਆਂ ਅੱਗ ਦੀਆਂ ਘਟਨਾਵਾਂ 'ਤੇ ਵੀ ਟੀਮਾਂ ਨੇ ਕਾਬੂ ਪਾਇਆ ਹੈ | ਫਾਇਰ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੁਸ਼ੀਆਂ ਦੇ ਤਿਉਹਾਰ ਦੌਰਾਨ ਸਾਵਧਾਨੀ ਅਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ |