ਜ਼ੀਰਕਪੁਰ, 30 ਅਗਸਤ (ਮਨਿੰਦਰ ਸਿੰਘ)-ਸਨਿਚਰਵਾਰ ਸਵੇਰ ਪੀਰਮੁਛੱਲਾ ਦੀ ਸਾਈਾ ਮਾਰਕੀਟ ਵਿਚਲੇ ਇਕ ਲੱਕੜ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗਣ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਦੌਰਾਨ ਬੇਸ਼ਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ੋਅਰੂਮ ਦੇ ਅੰਦਰ ਪਿਆ ਲੱਕੜ ਤੇ ਪਲਾਈਵੁੱਡ ਦਾ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ੍ਹ ਗਿਆ | ਲੱਕੜ ਨੂੰ ਅੱਗ ਲੱਗਣ ਦੇ ਕੁਝ ਮਿੰਟਾਂ ਵਿਚ ਹੀ ਸ਼ੋਅਰੂਮ 'ਚੋਂ ਧੂੰਆਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ | ਇਸ ਨਾਲ ਆਸ-ਪਾਸ ਦੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ | ਜਾਣਕਾਰੀ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜੋ ਕਿ ਲੱਕੜ ਦੀ ਪਲਾਈ ਤੇ ਹੋਰ ਫ਼ਰਨੀਚਰ ਦੇ ਸਾਮਾਨ ਵਿਚ ਇਕਦਮ ਫੈਲ ਗਈ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ 5 ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਅੱਗ 'ਤੇ ਕਾਬੂ ਪਾਇਆ | ਸ਼ੋਅਰੂਮ ਦੇ ਮਾਲਕ ਵਾਰਿਸ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਸਵੇਰੇ 9.30 ਵਜੇ ਦੇ ਕਰੀਬ ਅੱਗ ਲੱਗੀ ਸੀ | ਮੌਕੇ 'ਤੇ ਮੌਜੂਦ ਇਕ ਕਰਮਚਾਰੀ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਤੇਜ਼ੀ ਨਾਲ ਫੈਲ ਗਈ | ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬਿ੍ਗੇਡ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਪਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਦੇਰੀ ਨਾਲ ਪਹੁੰਚੀਆਂ | ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ | ਮਾਲਕ ਵਾਰਿਸ ਅਨੁਸਾਰ ਉਸ ਦਾ ਲਗਪਗ 15 ਲੱਖ ਦਾ ਨੁਕਸਾਨ ਹੋਇਆ ਹੈ | ਉਧਰ ਦੂਜੇ ਪਾਸੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਸਟੇਸ਼ਨ ਤੋਂ ਦੋ ਗੱਡੀਆਂ ਭੇਜ ਦਿੱਤੀਆਂ ਗਈਆਂ ਸਨ | ਇਸ ਤੋਂ ਬਾਅਦ ਪੰਚਕੂਲਾ ਤੋਂ ਦੋ ਗੱਡੀਆਂ ਤੇ ਡੇਰਾਬੱਸੀ ਤੋਂ ਇਕ ਗੱਡੀ ਮੌਕੇ 'ਤੇ ਮੰਗਵਾਈ ਗਈ | ਉਨ੍ਹਾਂ ਕਿਹਾ ਕਿ ਤਿੰਨ ਗੱਡੀਆਂ ਦੀ ਮਦਦ ਨਾਲ ਲਗਪਗ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ |