ਨੌਸ਼ਹਿਰਾ ਪੰਨੂੰਆਂ, 9 ਦਸੰਬਰ (ਦੀਪਕ ਮੈਣੀ)-ਸਬ ਡਵੀਜਨ ਬਿਜਲੀ ਬੋਰਡ ਨੌਸ਼ਹਿਰਾ ਪੰਨੂੰਆਂ ਦੇ ਦਫਤਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਅਤੇ ਮੁਲਾਜਮ ਜਥੇਬੰਦੀਆਂ ਨੇ ਧਰਨਾ ਦੇ ਕੇ ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬੀਜ ਅਤੇ ਬਿੱਲਾਂ ਰਾਹੀਂ ਇਨ੍ਹਾਂ ਦੋਵਾਂ ਖੇਤਰਾਂ ਵਿਚ ਕਾਰਪੋਰੇਟ ਘਰਾਣਿਆਂ ਦਾ ਦਾਖਲਾ ਅਸਾਨ ਕਰਨਾ ਚਾਹੁੰਦੀ ਹੈ | ਬਿਜਲੀ ਆਮ ਲੋਕਾਂ ਦੀ ਜਰੂਰੀ ਲੋੜ ਵਾਲੀ ਵਸਤੂ ਹੈ, ਇਸ ਬਿੱਲ ਰਾਹੀਂ ਬਿਜਲੀ ਉਪਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਿਲਦੀ ਸਬਸਿਡੀ ਖਤਮ ਹੋ ਜਾਵੇਗੀ | ਪ੍ਰਾਈਵੇਟ ਕੰਪਨੀਆਂ ਬਿਜਲੀ ਨੂੰ ਮੁਨਾਫੇ ਵਾਲਾ ਧੰਦਾ ਬਣਾਉਣਗੀਆਂ | ਪ੍ਰੀਪੇਡ ਮੀਟਰਾਂ ਰਾਹੀਂ ਬਿਜਲੀ ਸਪਲਾਈ ਕੀਤੀ ਜਾਵੇਗੀ, ਮਹਿੰਗੀ ਬਿਜਲੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ | ਬਿਜਲੀ ਮਹਿਕਮੇ ਵਿਚ ਜੋ ਥੋੜਾ ਬਹੁਤਾ ਰੁਜਗਾਰ ਬਚਿਆ ਹੈ, ਉਸਦਾ ਭੋਗ ਪਾਉਣ ਦੀ ਤਿਆਰੀ ਹੈ | ਪੰਨੂੰ ਨੇ ਕਿਹਾ ਕਿ ਬੀਜ ਬਿੱਲ ਰਾਹੀਂ ਵੱਡੀਆਂ ਕੰਪਨੀਆਂ ਨੂੰ ਖੇਤੀ ਖੇਤਰ ਵਿਚ ਪ੍ਰਵੇਸ ਕਰਵਾਉਣ ਦੀ ਤਿਆਰੀ ਹੈ, ਬਿਜਲੀ ਅਤੇ ਖੇਤੀ ਦੋਵੇਂ ਸੂਬਿਆਂ ਦੇ ਅਧਿਕਾਰ ਵਾਲੇ ਵਿਸ਼ੇਸ਼ ਹਨ | ਕੇਂਦਰ ਦੀ ਮੋਦੀ ਸਰਕਾਰ ਵਲੋਂ ਇਨ੍ਹਾਂ ਬਿੱਲਾਂ ਰਾਹੀਂ ਸੂਬਿਆਂ ਦੇ ਅਧਿਕਾਰਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ | ਪੰਜਾਬ ਸਰਕਾਰ ਨੂੰ ਅਸੈਂਬਲੀ ਵਿਚ ਲਿਆ ਕੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਨਾ ਚਾਹੀਦਾ ਹੈ | ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਜਮਹੂਰੀ ਕਿਸਾਨ ਸਭਾ, ਜਸਪਾਲ ਸਿੰਘ ਕੌਮੀ ਕਿਸਾਨ ਯੂਨੀਅਨ, ਹਰਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ, ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਪੰਜਾਬ ਕਿਸਾਨ ਯੂਨੀਅਨ, ਏਟਕ ਦੇ ਹਰਜੀਤ ਸਿੰਘ ਚੌਧਰੀਵਾਲਾ, ਟੀ.ਐੱਸਯੂ. ਦੇ ਗੁਰਨਿਸ਼ਾਨ ਸਿੰਘ, ਕਰਮਚਾਰੀ ਦਲ ਦੇ ਮਨਜੀਤ ਸਿੰਘ ਵਰਾਣਾ ਮੌਜੂਦ ਸਨ |